
ਸੰਘਰਸ਼ਾਂ ਨਾਲ ਹੀ ਝੁਕਦੀਆਂ ਨੇ ਸਰਕਾਰਾਂ? (4)
ਲੁਧਿਆਣਾ, 18 ਫ਼ਰਵਰੀ (ਪ੍ਰਮੋਦ ਕੌਸ਼ਲ) : ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨ ਸੰਘਰਸ਼ ਦੇ ਵੀਰਵਾਰ ਨੂੰ 86 ਦਿਨ ਪੂਰੇ ਹੋ ਗਏ | ਜਥੇਬੰਦੀਆਂ ਦੀ ਅਪੀਲ 'ਤੇ 12 ਤੋਂ 4 ਵਜੇ ਤਕ ਦੇ 4 ਘੰਟਿਆਂ ਦੇ ਰੇਲ ਚੱਕਾ ਜਾਮ ਨੂੰ ਭਰਪੂਰ ਸਾਥ ਮਿਲਿਆ ਦਿਖਿਆ | ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਹੋਰਨਾਂ ਸੂਬਿਆਂ ਵਿਚ ਵੀ ਕਿਸਾਨ 4 ਘੰਟਿਆਂ ਦੇ ਇਸ ਸੰਕੇਤਕ ਧਰਨੇ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਦਿਖਾਈ ਦਿਤੇ ਅਤੇ ਦੇਸ਼ ਭਰ ਦੇ ਵਿਚ ਰੇਲ ਪਟੜੀਆਂ 'ਤੇ ਬੈਠੇ ਕਿਸਾਨਾਂ ਨੇ ਮੁੜ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪਣੀ ਮੰਗ ਨੂੰ ਜ਼ੋਰਾਂ ਸ਼ੋਰਾਂ ਨਾਲ ਚੁਕਿਆ ਅਤੇ ਅਪਣੀ ਆਵਾਜ਼ ਹੋਰ ਉੱਚੀ ਕਰ ਕੇ ਬੁਲੰਦ ਕੀਤੀ | ਸਰਕਾਰਾਂ ਉਤੇ ਸੰਘਰਸ਼ਾਂ ਦਾ ਕੀ ਅਸਰ ਪੈਂਦਾ ਹੈ, ਇਸ ਲੜੀਵਾਰ ਰਾਹੀਂ ਅਸੀਂ ਤੁਹਾਨੂੰ ਇਹ ਸਭ ਦੱਸਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਵੀ ਸੰਘਰਸ਼ਾਂ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਹਨ ਅਤੇ ਇਸ ਲਈ ਸਾਨੂੰ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਹਾਂ ਇਹ ਜ਼ਰੂਰ ਹੈ ਕਿ ਸੰਘਰਸ਼ ਸ਼ਾਂਤਮਈ ਹੋਣਾ ਚਾਹੀਦਾ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਣਾ ਚਾਹੀਦਾ ਹੈ ਸਫ਼ਲਤਾ ਤਾਂ ਹੀ ਤੁਹਾਡੇ ਕਦਮ ਚੁੰਮੇਗੀ |
ਹੁਣ ਤਕ ਤੁਸੀਂ ਪੜਿ੍ਹਆ ਕਿ ਭਾਰਤ ਵਿਚ ਅਕਾਲ ਕਿਥੇ ਕਿਥੇ ਤੇ ਕਿਉਂ ਪੈਂਦੇ ਰਹੇ... ਖੇਤੀ ਬਾੜੀ ਨਾਲ ਸਬੰਧਤ ਕਾਨੂੰਨ ਨਾ ਹੋਣ ਕਰ ਕੇ ਅਤੇ ਮੌਸਮ ਦੀ ਮਾਰ ਪੈਂਦੀ ਰਹਿਣ ਕਰ ਕੇ ਅਕਾਲ ਪੈਂਦੇ ਰਹੇ | ਫਿਰ ਅਜ਼ਾਦੀ ਤੋਂ ਪਹਿਲਾਂ ਕਿਵੇਂ ਪਗੜੀ ਸੰਭਾਲ ਜੱਟਾ ਲਹਿਰ ਆਈ ਤੇ ਚੰਪਾਰਨ ਦਾ ਸਤਿਆਗ੍ਰਹਿ ਆਇਆ ਤੇ ਅਜ਼ਾਦੀ ਮਗਰੋਂ ਆਈ ਮੁਜਾਰਾ ਲਹਿਰ ਤੇ ਫਿਰ ਖ਼ੁਸ਼ਹੈਸੀਅਤ ਟੈਕਸ ਦੇ ਵਿਰੋਧ ਦਾ ਮੋਰਚਾ, ਹੁਣ ਇਸ ਤੋਂ ਅੱਗੇ...
ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਸਰਕਾਰ ਦਾ ਸਾਹਮਣਾ ਦੇਸ਼ ਵਿਚ ਭਾਰੀ ਗਿਣਤੀ 'ਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਲੋੜੀਂਦਾ ਅੰਨ ਜੁਟਾਉਣ ਦੀ ਵਿਕਰਾਲ ਸਮੱਸਿਆ ਨਾਲ ਹੋਣ ਲੱਗਾ | ਦੇਸ਼ ਦੀਆਂ ਖੇਤੀ ਹਾਲਤਾਂ ਐਸੀਆਂ ਨਹੀਂ ਸਨ ਕਿ ਦੇਸ਼ ਅਪਣੇ ਲੋਕਾਂ ਨੂੰ ਪੇਟ ਭਰ ਅੰਨ ਹੀ ਮੁਹਈਆ ਕਰਵਾ ਸਕਦਾ | ਅਜਿਹੇ ਹਾਲਾਤਾਂ ਵਿਚ ਸਮੇਂ ਦੀਆਂ ਸਰਕਾਰਾਂ ਨੂੰ ਪੀ.ਐਲ 480 ਸਮਝੌਤੇ ਤਹਿਤ ਅਮਰੀਕਾ ਤੋਂ ਅਨਾਜ ਖ਼ਰੀਦਣਾ ਸ਼ੁਰੂ ਕਰ ਦਿਤਾ ਪਰ ਜਲਦੀ ਹੀ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਕਿ ਦੇਸ਼ ਦੀਆਂ ਭੋਜਨ ਲੋੜਾਂ ਪੂਰੀਆਂ ਕਰਨ ਦੀ ਇਹ ਕੋਈ ਟਿਕਾਊ ਜੁਗਤ ਨਹੀਂ ਹੈ | ਸੋ ਇਕ ਟਿਕਾਊ ਹੱਲ ਦੀ ਤਲਾਸ਼ ਵਿਚ ਲੱਗੀ ਭਾਰਤ ਸਰਕਾਰ ਨੇ ਅਮਰੀਕੀ ਦਿਸ਼ਾ ਨਿਰਦੇਸ਼ਾਂ 'ਤੇ ਚਲਦਿਆਂ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਰੌਕ ਫ਼ੈਲਰ ਅਤੇ ਫ਼ੋਰਡ ਫ਼ਾਂਊਡੇਸ਼ਨ ਨਾਲ ਮਿਲ ਕੇ ਹਰੀ ਕ੍ਰਾਂਤੀ ਦੀ ਨੀਂਹ ਰੱਖ ਦਿਤੀ |
ਇਸ ਸਾਰੇ ਘਟਨਾ-ਚੱਕਰ ਤੋਂ ਬਾਅਦ ਦੇਸ਼ ਦੇ ਕੁੱਝ ਚੋਣਵੇਂ ਸੂਬਿਆਂ ਵਿਚ ਰਸਾਇਣਕ ਖੇਤੀ ਪ੍ਰਣਾਲੀ ਨੂੰ ਇਕ ਪੂਰੇ ਪੈਕੇਜ ਦੇ ਰੂਪ ਵਿਚ ਲਾਗੂ ਕਰ ਦਿਤਾ ਗਿਆ | ਸੁਧਰੇ ਬੀਜ, ਆਧੁਨਿਕ ਸਿੰਜਾਈ ਪ੍ਰਣਾਲੀ, ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰ ਇਸ ਪੈਕੇਜ ਦੇ ਮੁੱਖ ਹਿੱਸੇ ਸਨ |
ਇਸ ਦੇ ਨਾਲ ਹੀ ਦੇਸ਼ ਭਰ ਵਿਚ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਵੱਡੀਆਂ-ਵੱਡੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀ ਅਦਾਰਿਆਂ ਦੀ ਸਥਾਪਨਾਂ ਕੀਤੀ ਗਈ | ਬੈਂਕਾਂ ਨਾਲ ਗਠਜੋੜ ਕਰ ਕੇ ਕਿਸਾਨਾਂ ਲਈ ਖੇਤੀ ਸੰਦ, ਟਰੈਕਟਰ, ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ, ਡੀਜ਼ਲ ਆਦਿ ਖ਼ਰੀਦਣ ਅਤੇ ਖੇਤਾਂ ਵਿਚ ਟਿਊਬਵੈੱਲ ਲਗਵਾਊਣ ਲਈ ਖੇਤੀ ਕਰਜ਼ਿਆਂ ਦੀ ਵਿਵਸਥਾ ਕੀਤੀ ਗਈ | ਸ਼ੁਰੂਆਤੀ ਅੜਚਣਾਂ ਮਗਰੋਂ ਹਰੀ ਕ੍ਰਾਂਤੀ ਪੂਰੇ ਜਲੋਅ ਨਾਲ ਕਿਸਾਨਾਂ ਉਤੇ ਛਾਅ ਗਈ |
ਆਮ ਕਿਸਾਨਾਂ ਲਈ ਰਸਾਇਣਕ ਖੇਤੀ ਦੇ ਸ਼ੁਰੂਆਤੀ ਨਤੀਜੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਸਨ | ਫ਼ਸਲਾਂ ਦੇ ਝਾੜ ਵਿਚ ਲੋਹੜੇ ਦਾ ਵਾਧਾ ਹੋਇਆ | ਨਤੀਜੇ ਵਜੋਂ ਕਿਸਾਨਾਂ ਕੋਲ ਵੱਡੀ ਗਿਣਤੀ ਵਿਚ ਪੈਸਾ ਆਉਣ ਸ਼ੁਰੂ ਹੋ ਗਿਆ | ਇਸ ਪੈਸੇ ਦਾ ਪ੍ਰਭਾਵ ਕਿਸਾਨਾਂ ਦੇ ਜੀਵਨ ਵਿਚ ਸਾਫ਼ ਨਜ਼ਰ ਆਉਣ ਲੱਗਾ | ਉਨ੍ਹਾਂ ਨੇ ਅਪਣੇ ਲਈ ਜ਼ਿੰਦਗੀ ਦੀਆਂ ਉਹ ਸੱਭ ਸੁਖ- ਸਹੂਲਤਾਂ ਜੁਟਾਉਣੀਆਂ ਸ਼ੁਰੂ ਕਰ ਦਿਤੀਆਂ, ਜਿਨ੍ਹਾਂ ਦੇ ਸ਼ਾਇਦ ਕਦੇ ਉਹ ਸੁਪਨੇ ਵੀ ਨਹੀਂ ਲਿਆ ਕਰਦੇ ਸਨ | ਉਨ੍ਹਾਂ ਦੇ ਘਰ ਪੱਕੇ ਹੋਣ ਲੱਗ ਪਏ | ਉਨ੍ਹਾਂ ਨੇ ਬਲਦ ਗੱਡੇ ਤੋਂ ਕਾਰ ਤਕ ਦਾ ਸਫ਼ਰ ਥੋੜੇ੍ਹ ਹੀ ਸਮੇਂ ਵਿਚ ਤੈਅ ਕਰ ਲਿਆ | ਬੱਚਿਆਂ ਨੂੰ ਪੜ੍ਹਾਉਣ ਦਾ ਰੁਝਾਨ ਵਧ ਗਿਆ | ਜ਼ਿੰਦਗੀ ਪਹਿਲਾਂ ਦੇ ਮੁਕਾਬਲੇ ਮਿਹਨਤ ਪੱਖੋਂ ਬਹੁਤ ਸੌਖੀ ਹੋ ਗਈ, ਕਿਉਂਕਿ ਹੁਣ ਖੇਤੀ ਦਾ ਬਹੁਤਾ ਕੰਮ ਮਸ਼ੀਨਾਂ ਸਦਕੇ ਬੜੀ ਹੀ ਆਸਾਨੀ ਨਾਲ ਹੋਣ ਲੰਗ ਪਿਆ ਸੀ |
ਹਰੀ ਕ੍ਰਾਂਤੀ ਨੇ ਸਾਡੇ ਸਮਾਜਕ ਤਾਣਾਬਾਣੇ ਦਾ ਬੁਰੀ ਤਰ੍ਹਾ ਨਾਸ ਮਾਰ ਦਿਤਾ | ਲੋਕਾਂ ਵਿਚਲੀ ਭਾਈਚਾਰਕ ਸਾਂਝ ਅਤੇ ਵਟਾਂਦਰਾ ਪ੍ਰਣਾਲੀ ਹਰੀ ਕ੍ਰਾਂਤੀ ਦੀ ਭੇਂਟ ਚੜ੍ਹ ਗਈ | ਹੁਣ ਸਾਰਾ ਲੈਣ-ਦੇਣ ਪੈਸਿਆਂ ਦੇ ਰੂਪ ਵਿਚ ਹੋਣ ਲੱਗ ਪਿਆ | ਖੇਤੀ ਦੇ ਮਸ਼ੀਨੀਕਰਨ ਕਰ ਕੇ ਹੌਲੀ-ਹੌਲੀ ਖੇਤੀ ਕਾਮੇ ਖੇਤੀ ਵਿਚੋਂ ਬਾਹਰ ਹੁੰਦੇ ਚਲੇ ਗਏ ਅਤੇ ਖੇਤੀ ਵਿਚ ਨਦੀਨ ਨਾਸ਼ਕ ਜ਼ਹਿਰਾਂ ਦੀ ਆਮਦ ਨੇ ਲਗਭਗ ਸਾਰੇ ਖੇਤ ਮਜ਼ਦੂਰਾਂ ਨੂੰ ਖੇਤਾਂ ਵਿਚੋਂ ਬਾਹਰ ਦਾ ਰਸਤਾ ਦਿਖਾ ਦਿਤਾ |
ਏਥੇ ਹੀ ਬਸ ਨਹੀਂ ਹਰੀ ਕ੍ਰਾਂਤੀ ਦੇ ਪਿੱਛੇ-ਪਿੱਛੇ ਆਏ ਵੱਖ-ਵੱਖ ਖੇਤੀ ਸੰਦ ਬਣਾਉਣ ਵਾਲੇ ਅਤੇ ਹੋਰਨਾਂ ਉਦਯੋਗਾਂ ਨੇ ਸਮਕਾਲੀ ਪੇਂਡੂ ਲਘੂ ਉਦਯੋਗਾਂ ਦਾ ਵੀ ਨਾਸ ਮਾਰ ਦਿਤਾ | ਇਸ ਸਾਰੇ ਘਟਨਾ-ਚੱਕਰ ਵਿਚ ਕਿਸਾਨ ਥੋੜ੍ਹੇ ਸਮੇਂ ਲਈ ਖ਼ੁਸ਼ਹਾਲ ਤਾਂ ਹੋਇਆ ਪਰ ਲੋਕਾਂ ਦੀ ਇਕ ਵੱਡੀ ਗਿਣਤੀ ਬੇਕਾਰ ਅਤੇ ਬੇਰੁਜ਼ਗਾਰ ਹੋ ਗਈ | ਬੀਤਦੇ ਸਮੇਂ ਨਾਲ ਵਾਤਾਵਰਣ ਵਿਚ ਭਾਰੀ ਵਿਗਾੜ ਆਉਣ ਲੱਗੇ | ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਣ ਲੱਗਾ | ਉਸ ਵਿਚ ਰਸਾਣਿਕ ਖਾਦਾਂ ਦੇ ਅੰਸ਼ ਘੁਸਪੈਠ ਕਰ ਗਏ | ਚੁਗਿਰਦੇ ਅਤੇ ਖ਼ੁਰਾਕ ਲੜੀ ਵਿਚ ਫਸਲਾਂ 'ਤੇ ਛਿੜਕੇ ਜਾਣ ਵਾਲੇ ਕੀੜੇਮਾਰ ਜ਼ਹਿਰਾਂ ਦੀ ਮਿਲਾਵਟ ਹੋਣੀ ਸ਼ੁਰੂ ਹੋ ਗਈ ਅਤੇ ਇਹ ਸੱਭ ਹਾਲੇ ਤਕ ਬੇਰੋਕ ਜਾਰੀ ਹੈ |
ਖੇਤੀ ਦਾ ਰਸਾਇਣਕ ਮਾਡਲ ਟਿਕਾਊ ਸਾਬਤ ਨਾ ਹੋ ਸਕਿਆ | ਖੇਤੀ ਦੇ ਇਸ ਵਿਸ਼ੇਸ਼ ਤੌਰ 'ਤੇ ਪ੍ਰਚਾਰੇ ਗਏ ਮਾਡਲ ਦੇ ਚਲਦਿਆਂ ਕਿਸਾਨ ਕਰਜ਼ਿਆਂ ਦੀ ਦਲਦਲ ਵਿਚ ਡੂੰਘੇ ਹੋਰ ਡੂੰਘੇ ਫਸਦੇ ਚਲੇ ਗਏ ਅਤੇ ਉਨ੍ਹਾਂ ਵਿਚ ਖ਼ੁਦਕੁਸ਼ ਦੀ ਪ੍ਰਵਿਰਤੀ ਘਰ ਕਰ ਗਈ | ਸਿੱਟੇ ਵਜੋਂ ਬੀਤੇ 10-15 ਸਾਲਾਂ ਦੌਰਾਨ ਪੰਜਾਬ ਦੇ ਕਈ ਹਜ਼ਾਰਾਂ ਕਿਸਾਨਾਂ ਨੇ ਜ਼ਿੱਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਆਤਮਹਤਿਆ ਕਰ ਲਈ ਅਤੇ ਪਿਛਲੇ 10-12 ਵਰਿਆਂ ਦੌਰਾਨ ਲਗਭਗ 2 ਲੱਖ ਕਿਸਾਨ ਖੇਤੀ ਤੋਂ ਬਾਹਰ ਹੋ ਗਏ |
Ldh_Parmod_18_1 :
ਪੀ.ਐਲ-480 ਰੂਪੀ ਇਕਰਾਰਨਾਮਾ ਸਹੀਬੱਧ ਕਰਨ ਮਗਰੋਂ ਹੱਥ ਮਿਲਾਉਂਦੇ ਹੋਏ ਅੰਬੈਸੇਡਰ ਮੋਯਨਿਐਨ ਦੇ ਨਾਲ ਸਕੱਤਰ ਕੌਲ (ਫ਼ਾਈਲ ਫ਼ੋਟੋ)