ਤਪੋਵਨ ਸੁਰੰਗ ’ਚੋਂ ਮਿਲੀਆਂ ਦੋ ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 61 ਹੋਈ
143 ਲੋਕ ਅਜੇ ਵੀ ਲਾਪਤਾ, ਬਚਾਅ ਕਾਰਜ ਜਾਰੀ
ਤਪੋਵਾਨ (ਉਤਰਾਖੰਡ), 18 ਫ਼ਰਵਰੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਆਏ ਹੜ੍ਹ ਤੋਂ ਬਾਅਦ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ 12ਵੇਂ ਦਿਨ ਵੀ ਬਚਾਅ ਕਾਰਜ ਜਾਰੀ ਰਹਿਣ ਵਿਚਕਾਰ ਵੀਰਵਾਰ ਨੂੰ ਦੋ ਤਿੰਨ ਬਰਾਮਦ ਹੋਈਆਂ। ਇਸ ਨਾਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 61 ਹੋ ਗਈ, ਉਥੇ 143 ਲੋਕ ਅਜੇ ਵੀ ਲਾਪਤਾ ਹਨ।
ਪੁਲਿਸ ਅਨੁਸਾਰ, ਐਨਟੀਪੀਸੀ ਦੇ ਹੜ੍ਹ ਪ੍ਰਭਾਵਤ ਤਪੋਵਾਨ-ਵਿਸ਼ਣੂਗੜ੍ਹ ਪਣਬਿਜਲੀ ਪ੍ਰਾਜੈਕਟ ਦੀ ਇਕ ਸੁਰੰਗ ਤੋਂ ਦੋ ਲਾਸ਼ਾਂ ਬਰਾਮਦ ਹੋਈਆਂ ਜਦਕਿ ਇਕ ਦੀ ਲਾਸ਼ ਰੈਂਣੀ ਵਿਚ ਮਿਲੀ। ਤਪੋਵਾਨ ਵਿਚ ਹੁਣ ਤਕ 13 ਮਜ਼ਦੂਰਾਂ ਨੂੰ ਚਿੱਕੜ ਨਾਲ ਭਰੀ ਸੁਰੰਗ ਤੋਂ ਬਾਹਰ ਕਢਿਆ ਜਾ ਚੁਕਾ ਹੈ। ਹਾਦਸੇ ਸਮੇਂ ਵੱਡੀ ਗਿਣਤੀ ਵਿਚ ਲੋਕ ਉਥੇ ਕੰਮ ਕਰ ਰਹੇ ਸਨ।
ਵੀਰਵਾਰ ਨੂੰ ਸੁਰੰਗ ਵਿਚੋਂ ਇਕ ਮਨੁੱਖੀ ਅੰਗ ਵੀ ਬਰਾਮਦ ਕੀਤਾ ਗਿਆ। ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਹੁਣ ਤਕ ਪ੍ਰਾਪਤ ਹੋਏ ਮਨੁੱਖੀ ਅੰਗਾਂ ਦੀ ਕੁਲ ਗਿਣਤੀ 27 ਹੋ ਗਈ ਹੈ।
ਸੁਰੰਗ ਵਿਚ ਪਾਣੀ ਇਕੱਠਾ ਹੋਣ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਆ ਰਹੀ ਸੀ ਪਰ ਬੁਧਵਾਰ ਨੂੰ ਸੁਰੰਗ ਵਿਚ ਸਰਚ ਆਪ੍ਰੇਸ਼ਨ ਮੁੜ ਸ਼ੁਰੂ ਕੀਤਾ ਗਿਆ। (ਪੀਟੀਆਈ)
ਆਰਮੀ, ਆਈਟੀਬੀਪੀ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਸਾਂਝੀ ਟੀਮ ਨੇ ਸੁਰੰਗ ਵਿਚੋਂ ਪਾਣੀ ਕੱਢਣ ਤੋਂ ਬਾਅਦ ਬੁਧਵਾਰ ਦੁਪਹਿਰ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਸੀ। (ਪੀਟੀਆਈ)