
- ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਵੱਲੋਂ ਐਤਵਾਰ ਨੂੰ ਸਰਹੱਦੀ ਸੂਬੇ ਪੰਜਾਬ ‘ਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਆਪ੍ਰੇਸ਼ਨ ‘ਆਪ੍ਰੇਸ਼ਨ ਸੀਲ’ ਚਲਾਇਆ ਗਿਆ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਅਮਲ ਵਿੱਚ ਲਿਆਂਦੀ ਗਈ।
ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਨਾਲ ਲਗਦੀਆਂ ਸਰਹੱਦਾਂ ਵਾਲੇ 10 ਜਿਲਿਆਂ ਦੇ ਸਾਰੇ 131 ਐਂਟਰੀ/ਐਗਜਿਟ ਪੁਆਇੰਟਾਂ ‘ਤੇ ਇੰਸਪੈਕਟਰਜ਼/ਡੀਐਸਪੀਜ਼ ਦੀ ਨਿਗਰਾਨੀ ਹੇਠ 1600 ਪੁਲਿਸ ਕਰਮੀਆਂ ਦੇ ਅਮਲੇ ਵੱਲੋਂ ਪੂਰਨ ਤਾਲਮੇਲ ਨਾਲ ਚੌਕਸੀਭਰਪੂਰ ਤੇ ਮਜ਼ਬੂਤ ਨਾਕੇ ਲਗਾਏ ਗਏ । 10 ਅੰਤਰ-ਰਾਜੀ ਸਰਹੱਦੀ ਜਿਲਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸ.ਏ.ਐਸ. ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।
Punjab police conduct ‘OPS SEAL’ to check illegal smuggling
ਇਹ ਆਪ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰੇ ਤਾਲਮੇਲ ਨਾਲ ਚਲਾਇਆ ਗਿਆ ਅਤੇ ਸਾਰੇ ਐਸ.ਐਸ.ਪੀਜ਼. ਨੂੰ ਤਾਕੀਦ ਕੀਤੀ ਗਈ ਸੀ ਕਿ ਅਪਰੇਸ਼ਨ ਨੂੰ ਸਫਲ ਬਣਾਉਣ ਲਈ ਸੀਲਿੰਗ ਪੁਆਇੰਟਾਂ ‘ਤੇ ਗਜ਼ਟਿਡ ਅਫਸਰਾਂ /ਐਸ.ਐਚ.ਓ.ਦੀ ਨਿਗਰਾਨੀ ਹੇਠ ਵੱਧ ਤੋਂ ਵੱਧ ਪੁਲਿਸ ਅਧਿਕਾਰੀਆਂ/ਕਰਮੀਆਂ ਨੂੰ ਜੁਟਾਇਆ ਜਾਵੇ ਅਤੇ ਮਜ਼ਬੂਤ ‘ਨਾਕੇ’ ਲਗਾਏ ਜਾਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਗੈਰ-ਕਾਨੂੰਨੀ ਢੰਗ ਨਾਲ ਨਸ਼ਿਆਂ ਤੇ ਨਾਜ਼ਾਇਜ ਸ਼ਰਾਬ ਦੀ ਤਸਕਰੀ ਤੇ ਰੋਕ ਲਾਉਣਾ ਅਤੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਣਾ ਹੈ।
Punjab police conduct ‘OPS SEAL’ to check illegal smuggling
ਉਨਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ। ਉਨਾਂ ਅੱਗੇ ਕਿਹਾ ਕਿ ਸਾਰੇ ਪੁਲਿਸ ਮੁਲਾਜਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਗਈ ਸੀ ਕਿ ਆਪ੍ਰੇਸ਼ਨ ਦੌਰਾਨ ਹਰੇਕ ਵਿਅਕਤੀ ਦੇ ਵਾਹਨ ਦੀ ਨਿਮਰਤਾ ਅਤੇ ਦੋਸਤਾਨਾ ਢੰਗ ਨਾਲ ਚੈਕਿੰਗ ਕੀਤੀ ਜਾਵੇ। ਏ.ਡੀ.ਜੀ.ਪੀ. ਨੇ ਦੱਸਿਆ ਕਿ ਸੂਬੇ ਵਿੱਚ ਦਾਖ਼ਲ ਹੋਣ ਵਾਲੇ 6378 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚੋਂ 366 ਦੇ ਚਲਾਨ ਕੀਤੇ ਗਏ ਅਤੇ 32 ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ 33 ਐਫਆਈਆਰਜ਼ ਦਰਜ ਕੀਤੀਆਂ ਅਤੇ ਤਿੰਨ ਭਗੌੜੇ ਅਪਰਾਧੀਆਂ ਨੂੰ ਗਿ੍ਰਫ਼ਤਾਰ ਵੀ ਕੀਤਾ।
ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ 70 ਕਿਲੋ ਚੂਰਾ ਪੋਸਤ, 1 ਕਿਲੋ ਚਰਸ, 110 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਸੂਬੇ ਵਿੱਚ ਪੁਲਿਸ ਦੀ ਮੁਸਤੈਦ ਮੌਜੂਦਗੀ ਨੂੰ ਦਰਸਾਉਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖ਼ੌਫ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।