
ਸਿੱਖ ਸੰਗਤ ਦੀ ਹਰਜਿੰਦਰ ਸਿੰਘ ਧਾਮੀ ਨੂੰ ਸਲਾਹ, ‘ਇਕ ਪਾਸੇ ਹੋ ਕੇ ਚੱਲੋ’
ਅਸੀਂ ਜਾਣਦੇ ਹਾਂ ਕਿ ਬੀਤੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿਤਾ ਸੀ ਤੇ ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਮੁੱਦੇ ’ਤੇ ਗੱਲਬਾਤ ਕਰਨ ਰੋਜ਼ਾਨਾ ਸਪੋਕਸਮੈਨ ਦੀ ਟੀਮ ਸਿੱਖ ਸੰਗਤ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਚ ਪਹੁੰਚੀ।
ਇਸ ਦੌਰਾਨ ਇਕ ਸਿੱਖ ਸੰਗਤ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜੋ ਫ਼ੈਸਲਾ ਲਿਆ ਗਿਆ ਉਸ ਨੂੰ ਦੁਨੀਆਂ ਨੇ ਸਲਾਹਿਆ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਜੋ ਆਪਣੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਧਾਮੀ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ ਉਨ੍ਹਾਂ ਨੂੰ ਸਟੈਂਡ ਲੈਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਵੀ ਕਹਿੰਦੇ ਹਾਂ ਕਿ ਉਹ ਆਪਣਾ ਅਹੁਦਾ ਸਾਂਭਣ ਤੇ ਇਕ ਪਾਸੇ ਦੇ ਹੋ ਕੇ ਚੱਲਣ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਜਥੇਦਾਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਤਕ ਆਪਣੇ ਅਨੁਸਾਰ ਚਲਾਉਂਦੇ ਰਹੇ ਹਨ ਤੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਜੋ ਪ੍ਰਭੁਸਤਾ ਹੈ ਉਹ ਸਾਂਝੀ ਹੈ ਤੇ ਇਨ੍ਹਾਂ ਸਾਰਿਆਂ ਨੂੰ ਸਾਂਝੇ ਤੌਰ ’ਤੇ ਚਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਧੜੇਬਾਜ਼ੀ ਛੱਡ ਕੇ ਇਕ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਧੜੇਬਾਜ਼ੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਹੈ। ਰਾਣਾ ਇੰਦਰਜੀਤ ਸਿੰਘ ਚੇਅਰਮੈਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਕਿਹਾ ਕਿ ਜਦੋਂ ਅਸੀਂ ਸਵੇਰੇ ਉਠਦੇ ਹਾਂ ਤਾਂ ਸੋਚਦੇ ਹਾਂ ਕਿ ਕੁੱਝ ਚੰਗਾ ਹੋਵੇਗਾ ਪਰ ਸਿੱਖ ਧਰਮ ਵਿਚ ਸਭ ਕੁੱਝ ਗ਼ਲਤ ਹੋ ਰਿਹਾ ਹੈ।
photo
ਹਰ ਦਿਨ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਕੌਮ ਜਾਂ ਫਿਰ ਆਪਣੇ ਮੁੱਦੇ ਛੱਡ ਕੇ ਸਿਆਸਤ ਵਿਚ ਫਸੇ ਪਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਧਰਮ ਨੂੰ ਛੱਡ ਕੇ ਇਸਾਈ ਧਰਮ ਅਪਣਾ ਰਹੇ ਨੇ, ਨੌਜਵਾਨ ਬੇਰੁਜ਼ਗਾਰ ਨੇ, ਬਾਹਰਲੇ ਮੁਲਕਾਂ ਵਲ ਭੱਜ ਰਹੇ ਨੇ ਆਦਿ ਇਨ੍ਹਾਂ ਸਾਰੇ ਮੁਦਿਆਂ ’ਤੇ ਸ਼੍ਰੋਮਣੀ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਿਆਸਤ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਮਜਾਕ ਤਾਂ ਉਡ ਹੀ ਰਿਹਾ ਹੈ ਨਾਲ ਸਿੱਖ ਸੰਸਥਾਵਾਂ ਵੀ ਜ਼ੀਰੋ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਜਾਂ ਫਿਰ ਪ੍ਰਧਾਨ ਕੋਈ ਬਿਆਨ ਦਿੰਦਾ ਸੀ ਤਾਂ ਪਰਲੀਮੈਂਟ ਤਕ ਸੁਣਿਆ ਜਾਂਦਾ ਸੀ ਪਰ ਅੱਜ ਦੇ ਟਾਈਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਈ ਡੀਸੀ ਮਿਲਣ ਨੂੰ ਰਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਸਿੱਖ ਸੰਸਥਾਵਾਂ ਦਾ ਨੁਕਸਾਨ ਹੋਇਆ ਹੈ ਉਹ ਬਾਦਲਾਂ ਕਰ ਕੇ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਮਤਲਬ ਲਈ ਵਰਤਿਆ ਹੈ ਇਹ ਅਸੀਂ ਸਾਰੇ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਹਾਲੇ ਵੀ ਅਸੀਂ ਜਾਗਰੂਕ ਹੋਈਏ ਤੇ ਅਜਿਹਾ ਰਸਤਾ ਅਪਣਾਈਏ ਜਿਸ ਨਾਲ ਸਿੱਖ ਸੰਗਤ ਆਪ ਜਥੇਦਾਰ ਚੋਣੇ ਤੇ ਚੁਣਿਆ ਹੋਇਆ ਜਥੇਦਾਰ ਖੁੱਲ੍ਹ ਕੇ ਬਿਨ੍ਹਾ ਦਬਾਅ ਦੇ ਆਪਣੇ ਫ਼ੈਸਲੇ ਲੈ ਸਕੇ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਲਗਾਉਣ ਦਾ ਤੇ ਲਾਹਣ ਦਾ ਕੋਈ ਤਰੀਕਾ ਨਿਰਧਾਰਤ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਨੇ ਕਹਿ ਦਿਤਾ ਸੀ ਕਿ ਅਕਾਲੀਆਂ ਦਾ ਕੋਈ ਹੱਕ ਨਹੀਂ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਕੀ ਅਗਵਾਈ ਕਰਨ। ਗੁਰਬਚਨ ਸਿੰਘ ਪੰਨਵਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਚ ਖਿੱਚਧੂਹ ਚੱਲ ਰਹੀ ਹੈ ਹਰ ਕੋਈ ਇਕ ਦੂਜੇ ਤੋਂ ਅੱਗੇ ਹੋ ਕੇ ਚੱਲ ਰਿਹਾ ਹੈ ਚਾਹੇ ਉਹ ਅਹੁਦੇ ’ਚ ਵੱਡਾ ਹੈ ਜਾਂ ਫਿਰ ਛੋਟਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਉਥੇ ਗੱਦੀ ’ਤੇ ਬੈਠਦਾ ਹੈ ਉਹ ਆਪਣੀ ਚਲਾਉਣੀ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਚੱਲ ਰਿਹਾ ਹੈ ਕਿ ਕਦੇ ਅਕਾਲੀ ਦਲ ਜਥੇਦਾਰਾਂ ਨੂੰ ਆਪਣੀਆਂ ਚਾਲਾਂ ਵਿਚ ਫ਼ਸਾ ਕੇ ਪਾਸੇ ਕਰ ਦਿੰਦਾ ਹੈ ਤੇ ਕਦੇ ਜਥੇਦਾਰ ਅਕਾਲੀਆਂ ਨੂੰ ਪਾਸੇ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਹੀ ਹਰਜਿੰਦਰ ਸਿੰਘ ਧਾਮੀ ਵੀ ਇਨ੍ਹਾਂ ਚਾਲਾਂ ਵਿਚ ਫ਼ਸ ਗਏ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। ਸੁਖਵਿੰਦਰ ਸਿੰਘ ਦਦੇਹਰ ਨੇ ਕਿਹਾ ਕਿ ਦੋਵੇਂ ਧਿਰਾਂ ਬਾਗ਼ੀ ਤੇ ਦਾਗ਼ੀ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਦੇਖੀਏ ਤਾਂ ਇਨ੍ਹਾਂ ਨੇ ਆਪ ਦੀ ਲੜਾਈ ਨੂੰ ਪੰਥ ਦੀ ਲੜਾਈ ਬਣਾ ਕੇ ਰੱਖ ਦਿਤਾ ਹੈ।
ਉਨ੍ਹਾਂ ਕਿਹਾ ਕਿ ਜਿੰਦਾ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਤੋਂ ਜਥੇਦਾਰਾਂ ਨੇ ਅਕਾਲੀ ਧੜੇ ’ਤੇ ਐਕਸ਼ਨ ਲਿਆ ਤੇ ਸਜ਼ਾ ਸੁਣਾਈ ਉਸ ਦਾ ਸਿੱਖਾਂ ਸਵਾਗਤ ਕੀਤਾ ਪਰ ਇਹ ਸਭ ਇਕ ਪਲਾਨਿੰਗ ਲਗਦੀ ਹੈ ਜਾਂ ਫਿਰ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਉਹ ਹੁਣ ਪੰਥ ਦੀ ਸੇਵਾ ਕਰੇਗਾ ਇਸ ਨਾਲ ਤਾਂ ਉਸ ਨੇ ਆਪ ਹੀ ਕਬੂਲ ਕਰ ਲਿਆ ਹੈ ਕਿ ਉਹ ਪਹਿਲਾਂ ਪੰਥ ਦੀ ਨਹੀਂ ਅਕਾਲੀਆਂ ਦੀ ਸੇਵਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀਆਂ ਸੰਸਥਾਵਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।