
ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ - ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ - ਪਾਕਿਸਤਾਨ ਵੱਲੋਂ ਮਦਦ ਪ੍ਰਾਪਤ ਅਤਿਵਾਦ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਆਮ ਵਾਂਗ ਹੋਣ ਵਿੱਚ ਸਭ ਤੋਂ ਵੱਡਾ ਅੜਿੱਕਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਨਾਲ ਅਮਨ ਦੇ ਮੁੱਦੇ ਉਤੇ ਲੱਛੇਦਾਰ ਭਾਸ਼ਣ ਦੇਣ ਦੀ ਬਜਾਏ ਪੁਖਤਾ ਕਾਰਵਾਈ ਕਰਨ।
Qamar Javed Bajwa
ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੂੰ ਪਹਿਲਾਂ ਆਈ.ਐਸ.ਆਈ. ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਭਾਰਤ-ਪਾਕਿ ਰਿਸ਼ਤਿਆਂ ਵਿੱਚ ਸਥਿਰਤਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਤੀ ਨਰਮ ਰੁਖ਼ ਭਾਰਤ ਨੂੰ ਉਦੋਂ ਤੱਕ ਵਾਰਾ ਨਹੀਂ ਖਾ ਸਕਦਾ, ਜਦੋਂ ਤੱਕ ਪਾਕਿਸਤਾਨ ਆਪਣੇ ਫੋਕੇ ਵਾਅਦਿਆਂ ਦੀ ਥਾਂ ਪੁਖ਼ਤਾ ਅਮਲਾਂ ਨਾਲ ਆਪਣੀ ਸੰਜੀਦਗੀ ਸਾਬਤ ਨਹੀਂ ਕਰ ਦਿੰਦਾ।
India–Pakistan border
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ। ਪਾਕਿਸਤਾਨ ਤੋਂ ਹਰ ਰੋਜ਼ ਡਰੋਨਾਂ ਰਾਹੀਂ ਪੰਜਾਬ ਵਿੱਚ ਹਥਿਆਰ ਤੇ ਹੈਰੋਇਨ ਪਹੁੰਚਾਈ ਜਾ ਰਹੀ ਹੈ। ਮੇਰੇ ਸੂਬੇ ਵਿੱਚ ਰੋਜ਼ਾਨਾ ਗੜਬੜੀਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਇਹ ਸਭ ਕੁੱਝ ਰੁਕਣਾ ਚਾਹੀਦਾ ਹੈ ਤਾਂ ਹੀ ਅਸੀਂ ਅਮਨ ਲਈ ਗੱਲਬਾਤ ਕਰ ਸਕਾਂਗੇ।''
captain amarinder singh
ਮੁੱਖ ਮੰਤਰੀ ਨੇ 1964 ਵਿੱਚ ਪੱਛਮੀ ਕਮਾਂਡ ਵਿੱਚ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਦੇ ਏ.ਡੀ.ਸੀ. ਵਜੋਂ ਆਪਣੇ ਨਿੱਜੀ ਤਜਰਬਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦਾ ਭਰੋਸਾ ਜਿੱਤਣ ਲਈ ਪਾਕਿਸਤਾਨ ਨੂੰ ਅਮਨ ਦੀ ਕੋਸ਼ਿਸ਼ ਦੀ ਪੇਸ਼ਕਸ਼ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ''ਉਦੋਂ ਸਾਨੂੰ ਪੱਛਮੀ ਸਰਹੱਦ ਤੋਂ ਰੋਜ਼ਾਨਾ ਗੋਲੀਬਾਰੀ ਤੇ ਗੜਬੜੀ ਦੀਆਂ ਰਿਪੋਰਟਾਂ ਮਿਲਦੀਆਂ ਸਨ, ਜਿਵੇਂ ਕਿ ਹੁਣ ਮਿਲ ਰਹੀਆਂ ਹਨ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਸਿਰਫ਼ ਬਾਜਵਾ ਨਹੀਂ, ਸਗੋਂ ਸਮੁੱਚੀ ਪਾਕਿਸਤਾਨੀ ਫੌਜੀ ਲੀਡਰਸ਼ਿਪ ਭਾਰਤ ਨਾਲ ਸ਼ਾਂਤੀ ਦਾ ਰਾਹ ਪੱਧਰਾ ਕਰਨ ਤੇ ਬੀਤੇ ਦੀਆਂ ਗੱਲਾਂ ਭੁਲਾਉਣ ਵਾਲੇ ਵਿਚਾਰ ਦੇ ਪੱਖ ਵਿੱਚ ਆਏ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੀ ਵੀ ਦੋਵਾਂ ਮੁਲਕਾਂ ਵਿਚਾਲੇ ਅਮਨ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹਿਆ, ਜਦੋਂ ਕਿ ਪਾਕਿਸਤਾਨ ਵੱਲੋਂ ਹੀ ਇਹ ਅੜਿੱਕੇ ਡਾਹੇ ਗਏ ਹਨ।
Qamar Javed Bajwa
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਅਮਨ ਪ੍ਰਸਤਾਵਾਂ ਉਤੇ ਭਾਰਤ ਤਾਂ ਹੀ ਯਕੀਨ ਤੇ ਹੁੰਗਾਰਾ ਭਰ ਸਕਦਾ ਹੈ, ਜਦੋਂ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਜਾਵੇ ਕਿ ਕੀ ਉਥੇ ਸਾਰੇ ਜਨਰਲ ਬਾਜਵਾ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਇਤਫ਼ਾਕ ਰੱਖਦੇ ਹਨ? ਕੀ ਉਹ ਸਾਰੇ ਅਤਿਵਾਦੀ ਗਰੁੱਪਾਂ ਦੀ ਸਭ ਤਰ੍ਹਾਂ ਦੀ ਮਦਦ ਤੋਂ ਫੌਰੀ ਹੱਥ ਖਿੱਚਦੇ ਹਨ? ਕੀ ਉਹ ਆਈ.ਐਸ.ਆਈ. ਨੂੰ ਭਾਰਤ ਵਿਚਲੀਆਂ ਸਾਰੀਆਂ ਗਤੀਵਿਧੀਆਂ ਬੰਦ ਕਰਨ ਲਈ ਕਹਿ ਸਕਦੇ ਹਨ?
ਅਮਨ ਲਈ ਕੋਈ ਸ਼ਰਤ ਨਾ ਹੋਣ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਹਮਾਇਤੀ ਰਿਹਾ ਹੈ ਅਤੇ ਸਾਰੇ ਭਾਰਤੀ ਅਮਨ ਚਾਹੁੰਦੇ ਹਨ ਪਰ ਭਾਰਤ ਆਪਣੀ ਸੁਰੱਖਿਆ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਬਣੇ ਹਾਲਾਤ ਅਤੇ ਪਾਕਿਸਤਾਨ ਦੀ ਚੀਨ ਨਾਲ ਵਧਦੀ ਗੰਢ-ਤੁੱਪ ਚਿੰਤਾ ਦਾ ਵਿਸ਼ਾ ਹੈ।
captain amarinder singh
ਇਸ ਨਾਲ ਹੋਰ ਸਰਹੱਦਾਂ ਉਤੇ ਵੀ ਭਾਰਤ ਲਈ ਖ਼ਤਰੇ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਸੱਚੀ-ਮੁੱਚੀ ਭਾਰਤ ਨਾਲ ਅਮਨ ਲਈ ਸੰਜੀਦਾ ਹੈ ਤਾਂ ਉਸ ਨੂੰ ਚੀਨ ਨੂੰ ਇਹ ਸਪੱਸ਼ਟ ਤੇ ਠੋਕਵਾਂ ਸੁਨੇਹਾ ਦੇਣਾ ਪਵੇਗਾ ਕਿ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਤੇ ਕਿਸੇ ਵੀ ਤਰ੍ਹਾਂ ਦਾ ਜ਼ੋਖ਼ਮ ਸਹੇੜਨ ਵੇਲੇ ਉਹ (ਪਾਕਿਸਤਾਨ) ਨਾਲ ਨਹੀਂ ਖੜ੍ਹੇਗਾ।