
ਮਈ ਦੇ ਅਖ਼ੀਰ ਤੋਂ ਹੀ ਸਕੂਲਾਂ ’ਚ ਛੁੱਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ
ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦਾ ਬਿਗਲ ਦੇਸ਼ ਭਰ ’ਚ ਵਜ ਚੁਕਾ ਹੈ। ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸੱਤ ਪੜਾਵਾਂ ’ਚ ਹੋਣਗੀਆਂ। ਸੱਤਵੇਂ ਪੜਾਅ ’ਚ ਪੰਜਾਬ ਦੀਆਂ 13 ਸੀਟਾਂ ਸਮੇਤ ਕੁਲ 57 ਸੀਟਾਂ ’ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਅਜਿਹੇ ’ਚ ਸਕੂਲਾਂ ’ਚ ਛੁੱਟੀਆਂ ਹੋਣ ਦਾ ਸਿੱਧਾ ਅਸਰ ਚੋਣਾਂ ’ਤੇ ਪੈ ਸਕਦਾ ਹੈ।
ਆਮ ਤੌਰ ’ਤੇ ਪੰਜਾਬ ’ਚ ਮਈ ਅਤੇ ਜੂਨ ਦੇ ਮਹੀਨਿਆਂ ’ਚ ਤਾਪਮਾਨ 48 ਡਿਗਰੀ ਤਕ ਪਹੁੰਚ ਜਾਂਦਾ ਹੈ। ਪੰਜਾਬ ’ਚ 1 ਜੂਨ ਨੂੰ ਚੋਣਾਂ ਹੋਣੀਆਂ ਹਨ ਅਤੇ ਪੰਜਾਬ ਦੇ ਜ਼ਿਆਦਾਤਰ ਸਕੂਲਾਂ ’ਚ ਮਈ ਦੇ ਆਖਰੀ ਹਫਤੇ ’ਚ ਛੁੱਟੀਆਂ ਹੁੰਦੀਆਂ ਹਨ। ਅਜਿਹੇ ’ਚ ਇਹ ਵੀ ਸੰਭਾਵਨਾ ਹੈ ਕਿ ਚੋਣਾਂ ਆਉਣ ਤਕ ਕਈ ਲੋਕ ਜਾਂ ਤਾਂ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਦੂਜੇ ਸੂਬਿਆਂ ’ਚ ਚਲੇ ਗਏ ਹੋਣਗੇ ਜਾਂ ਫਿਰ ਵਿਦੇਸ਼ ਦੌਰੇ ’ਤੇ ਜਾਣਗੇ। ਅਕਸਰ ਲੋਕਾਂ ਨੇ ਪਹਿਲਾਂ ਹੀ ਬੱਚਿਆਂ ਨਾਲ ਛੁੱਟੀਆਂ ਬਿਤਾਉਣ ਦੀ ਯੋਜਨਾ ਬਣਾਈ ਹੁੰਦੀ ਹੈ।
ਜਹਾਜ਼ ਦੀਆਂ ਟਿਕਟਾਂ ਵੀ ਅਕਸਰ ਕਈ ਮਹੀਨੇ ਪਹਿਲਾਂ ਬੁੱਕ ਕੀਤੀਆਂ ਜਾਂਦੀਆਂ ਹਨ। ਸ਼ੱਕ ਪ੍ਰਗਟਾਇਆ ਜਾ ਰਹੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਚੋਣ ’ਚ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਹ ਅਪਣੇ-ਅਪਣੇ ਹਲਕਿਆਂ ’ਚ ਨਹੀਂ ਹੋਣਗੇ। ਇਹੀ ਨਹੀਂ 1 ਜੂਨ ਨੂੰ ਸਨਿਚਰਵਾਰ ਹੈ ਅਤੇ ਜ਼ਿਆਦਾਤਰ ਲੋਕ ਵੀਕੈਂਡ ਦਾ ਫਾਇਦਾ ਲੈ ਕੇ ਸੈਰ ਕਰਨ ਜਾਣਗੇ, ਜਿਸ ਕਾਰਨ ਵੀ ਵੋਟਿੰਗ ਦੀ ਗਿਣਤੀ ਪ੍ਰਭਾਵਤ ਹੋ ਸਕਦੀ ਹੈ।