
Ludhiana Accident News: ਦੂਜਾ ਗੰਭੀਰ ਜ਼ਖ਼ਮੀ
Ludhiana Accident News in punjabi : ਲੁਧਿਆਣਾ 'ਚ ਇਕ ਤੇਜ਼ ਰਫ਼ਤਾਰ ਬਾਈਕ ਨੇ ਪਿੱਛੇ ਤੋਂ ਇਕ ਹੋਰ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਗਰਾਉਂ ਦੇ ਪਿੰਡ ਬੱਸੀਆਂ ਦਾ ਰਹਿਣ ਵਾਲਾ ਸੁਖਜਿੰਦਰ ਸਿੰਘ ਉਰਫ਼ ਪੀਤਾ ਅਤੇ ਉਸ ਦਾ ਦੋਸਤ ਜਸਪ੍ਰੀਤ ਸਿੰਘ 16 ਮਾਰਚ ਨੂੰ ਮੋਟਰਸਾਈਕਲ ’ਤੇ ਪਿੰਡ ਕਾਉਂਕੇ ਕਲਾਂ ਜਾ ਰਹੇ ਸਨ।
ਜਿਵੇਂ ਹੀ ਬਾਬਾ ਹੀਰਾ ਸਿੰਘ ਹਸਪਤਾਲ ਨੇੜੇ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋਵੇਂ ਦੋਸਤ ਸੜਕ 'ਤੇ ਡਿੱਗ ਗਏ। ਸੁਖਜਿੰਦਰ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਜਸਪ੍ਰੀਤ ਨੂੰ ਮਾਮੂਲੀ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਪਹਿਲਾਂ ਜਗਰਾਉਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਸੁਖਜਿੰਦਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਸੁਖਜਿੰਦਰ ਸਿੰਘ ਦੀ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਥਾਣਾ ਸਦਰ ਦੇ ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਮੋਟਰਸਾਈਕਲ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।