
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੇ ਵਿਸ਼ਵ ਸਣੇ ਭਾਰਤ ਖਾਸਕਰ ਪੰਜਾਬ ’ਚ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਪੰਜਾਬ ਵਿਚ ਕੋਰੋਨਾ ਦੇ ਪਾਜ਼ੇਟਿਵ
ਚੰਡੀਗੜ੍ਹ, 18 ਅਪ੍ਰੈਲ (ਨੀਲ ਭਲਿੰਦਰ ਸਿੰਘ) ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੇ ਵਿਸ਼ਵ ਸਣੇ ਭਾਰਤ ਖਾਸਕਰ ਪੰਜਾਬ ’ਚ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਪੰਜਾਬ ਵਿਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ 18 ਅਪ੍ਰੈਲ ਸ਼ਾਮ 6 ਵਜੇ ਤਕ 219 ਤਕ ਪਹੰੁਚ ਚੁਕੀ ਹੈ, ਜਦਕਿ 16 ਮੌਤ ਹੋ ਚੁਕੀਆਂ ਹੋਣ ਨੇ ਸੂਬੇ ’ਚ ਮੌਤ ਦਰ ਕਾਫ਼ੀ ਵਧਾ ਦਿਤੀ ਹੈ। ਅਜਿਹੇ ਵਿਚ ਇਸ ਰੋਗ ਨੂੰ ਲੈ ਕੇ ਲੋਕਾਂ ਅੰਦਰ ਖੌਫ਼ ਵੀ ਵਧਦਾ ਜਾ ਰਿਹਾ ਹੈ। ਕਿਉਂਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ ਹੋਈਆਂ ਉਪਰੋਂ ਥੱਲੀ ਤਿੰਨਾਂ ਮੌਤਾਂ ’ਚ ਇਕ ਕਾਰਨ ਦਿਲ ਦਾ ਦੌਰਾ ਦਸਿਆ ਗਿਆ ਹੈ।
ਇਸ ਦੇ ਨਾਲ ਹੀ ਜਨਤਕ ਡਿਊਟੀਆਂ ਨਿਭਾਅ ਰਹੇ ਰੋਗੀ ਹੋਏ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸੁਰਖਿਆ ਮਾਪਦੰਡਾਂ ਦੀ ‘ਅਣਦੇਖੀ’ ਵੱਡੇ ਸਵਾਲ ਖੜੇ ਕੀਤੇ। ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਅੱਜ ਦੇਹਾਂਤ ਹੋ ਗਿਆ। ਅਨਿਲ ਕੋਹਲੀ ਲੁਧਿਆਣਾ ਦੇ ਐਸਪੀਐਸ ਹਸਪਤਾਲ ’ਚ ਦਾਖ਼ਲ ਸੀ। ਅਨਿਲ ਕੋਹਲੀ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ’ਤੇ ਸਨ। ਕਿਹਾ ਜਾ ਰਿਹਾ ਕਿ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਏਸੀਪੀ ਅਨਿਲ ਕੋਹਲੀ ਦੇ ਸੰਪਰਕ ‘ਚ ਆਏ ਉਨ੍ਹਾਂ ਦੀ ਪਤਨੀ, ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਤੇ ਇਕ ਐਸਐਚਓ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਆਈ ਸੀ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿ੍ਰਤਕ ਕਾਨੂੰਗੋ ਗੁਰਮੇਲ ਸਿੰਘ ਜੱਸੀ ਜੋ ਕਿ ਪਾਇਲ ਵਿਚ ਤਾਇਨਾਤ ਸਨ। 58 ਸਾਲਾ ਗੁਰਮੇਲ ਸਿੰਘ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਪਰ ਮੰਦੇਭਾਗਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ। ਲੁਧਿਆਣੇ ਵਿਚ ਕੋਰੋਨਾ ਮਰੀਜ਼ ਦੀ ਇਹ ਤੀਜੀ ਮੌਤ ਸੀ।
File photo
ਇਸ ਤੋਂ ਐਨ ਪਹਿਲਾਂ ਖੰਨਾ ਦੇ ਭੱਟੀਆਂ ਇਲਾਕੇ ਦੀ ਆਈਸੋਲੇਟ ਕੀਤੀ ਇਕ ਔਰਤ ਦੀ ਮੌਤ ਦੀ ਹੋ ਗਈ ਹੈ। ਉਹ ਪਿਛਲੇ ਹਫ਼ਤੇ ਹੀ ਚੰਡੀਗੜ੍ਹ ਤੋਂ ਭੱਟੀਆਂ ’ਚ ਵਾਪਸ ਆਈ ਸੀ। ਮ੍ਰਿਤਕ ਔਰਤ ਦਾ ਕੁੱਝ ਦਿਨ ਪਹਿਲਾਂ ਕੋਰੋਨਾ ਦਾ ਟੈਸਟ ਲਿਆ ਗਿਆ ਸੀ, ਜੋ ਕਿ ਨੈਗੇਟਿਵ ਆਇਆ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਔਰਤ ਨੂੰ ਦਿਲ ਦੀ ਬੀਮਾਰੀ ਸੀ ਅਤੇ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।
ਹਾਲਾਂਕਿ ਔਰਤ ਦੀ ਕੋਰੋਨਾ ਰੀਪੋਰਟ ਨੈਗੇਟਿਵ ਸੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਡਾਕਟਰ ਕਮਲਜੀਤ ਸੋਈ ਵਲੋਂ ਅੱਜ ਪਹਿਲਾਂ ਟਵੀਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਖਾਸਕਰ ਕੋਵਿਡ-19 ਨੂੰ ਲੈ ਉਚੇਚੀ ਤਾਇਨਾਤੀ ਵਾਲੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਦੇ ਧਿਆਨ ਵਿਚ ਲਿਆਂਦਾ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ ਪੰਜ ਸਰਕਾਰੀ ਅਧਿਕਾਰੀ ਕੋਰੋਨਾ ਦੀ ਚਪੇਟ ਵਿਚ ਆ ਚੁਕੇ ਹਨ। ਅਜਿਹੇ ਵਿਚ ਇਨ੍ਹਾਂ ਅਧਿਕਾਰੀਆਂ ਨੂੰ ਪੀਪੀਈ ਕਿੱਟਾਂ ਖਾਸਕਰ ਐਨ-95 ਮਾਸਕ ਅਤੇ ਹੋਰਨਾਂ ਅਹਿਤਿਆਤੀ ਮਾਪਦੰਡਾਂ ਦੀ ਪਾਲਣਾ ਦਾ ਪਾਬੰਦ ਕਿਉਂ ਨਹੀਂ ਬਣਾਇਆ ਗਿਆ।
ਡਾ. ਸੋਈ ਨੇ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲ ਕਰਦਿਆਂ ਕਿਹਾ ਕਿ ਏਸੀਪੀ ਅਤੇ ਕਾਨੂੰਗੋ ਦੀ ਮੌਤ ਦਾ ਉਨ੍ਹਾਂ ਨੂੰ ਦੁੱਖ ਹੈ। ਇਸ ਵੇਲੇ ਲੁਧਿਆਣਾ ਜ਼ਿਲ੍ਹੇ ਵਿਚ ਹੀ ਇਕ ਮੰਡੀ ਅਫ਼ਸਰ ਜਸਵੀਰ ਕੌਰ, ਇਕ ਏਐਸਆਈ ਅਰਸ਼ਦੀਪ ਕੌਰ ਅਤੇ ਇਕ ਐਸਐਚਓ ਕੋਰੋਨਾ ਨਾਲ ਪੀੜਤ ਹਨ। ਅਜਿਹੇ ਵਿਚ ਜਨਤਕ ਡਿਊਟੀਆਂ ਨਿਭਾਅ ਰਹੇ ਇਸ ਤਰ੍ਹਾਂ ਦੇ ਅਧਿਕਾਰੀਆਂ ਦੀ ਸੁਰਖਿਆ ਤੋਂ ਕਿੰਜ ਅਵੇਸਲਾ ਹੋਇਆ ਜਾ ਸਕਦਾ ਹੈ। ਆਈਏਐਸ ਕੇਬੀਐਸ ਸਿੱਧੂ ਵਲੋਂ ਵੀ ਡਾਕਟਰ ਸੋਈ ਦੇ ਟਵੀਟ ਉਤੇ ਪ੍ਰਤੀਕਿਰਿਆ ਵਿਚ ਕਿਹਾ ਗਿਆ ਹੈ ਕਿ ਇਸ ਬਾਬਤ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਹੋਈਆਂ ਹਨ। ਇਨ੍ਹਾਂ ਨੂੰ ਦੁਹਰਾਇਆ ਜਾ ਰਿਹਾ ਹੈ ਅਤੇ ਪਾਲਣਾ ਯਕੀਨੀ ਬਣਾਈ ਜਾਵੇਗੀ।
ਦਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਐਪੀਡੈਮਿਕ ਡਿਜ਼ੀਜ਼ ਐਕਟ 1897 ਤਹਿਤ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਅਪਣੇ ਅਧਿਕਾਰਾਂ ਤਹਿਤ ਰੈਗੂਲੇਸ਼ਨ ਦੇ ਰੂਲ 12 ਦੀ ਵਰਤੋਂ ਕਰਦੇ ਹੋਏ 5 ਮਾਰਚ ਨੂੰ ਨੋਟੀਫ਼ੀਕੇਸ਼ਨ ਜਾਰੀ ਕੀਤੀ ਗਈ ਸੀ। ਜੋ ਵਿਅਕਤੀ ਹਸਪਤਾਲਾਂ ਅਤੇ ਹੋਰ ਦਫ਼ਤਰਾਂ, ਉਦਯੋਗਾਂ ਜਾਂ ਹੋਰ ਥਾਵਾਂ ’ਤੇ ਕੰਮ ਕਰਦੇ ਹਨ, ਤੋਂ ਇਲਾਵਾ ਅਪਣੇ ਸਾਧਨ ’ਤੇ ਸਫ਼ਰ ਕਰਦੇ ਹੋਏ ਵੀ ਮਾਸਕ ਨੂੰ ਪਹਿਨਣਗੇ। ਇਸ ਤਹਿਤ ਸੂਤੀ ਕਪੜੇ ਦੇ ਬਣੇ ਮਾਸਕ ਅਤੇ ਜੇਕਰ ਕਿਸੇ ਹਾਲਤ ਵਿਚ ਮਾਸਕ ਉਪਲਬੱਧ ਨਹੀਂ ਹੁੰਦਾ ਤਾਂ ਰੁਮਾਲ ਜਾਂ ਸਕਾਫ਼ ਆਦਿ ਨਾਲ ਮੂੰਹ ਢੱਕਣ ਲਈ ਵਰਤੋਂ ਕੀਤੀ ਜਾ ਸਕਦੀ ਹੈ।