
ਕੋਰੋਨਾ ਵਾਇਰਸ ’ਤੇ ਦਰਜ ਕੀਤੀ ਜਿੱਤ
ਅੰਮ੍ਰਿਤਸਰ, 18 ਅਪ੍ਰੈਲ (ਅਰਵਿੰਦਰ ਵੜੈਚ) : ਪਿਛਲੇ ਕਰੀਬ 20 ਦਿਨਾਂ ਤੋੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹੁਸ਼ਿਆਰਪੁਰ ਨਿਵਾਸੀ ਕੋਰੋਨਾ ਪਾਜ਼ੇਟਿਵ ਹਰਜਿੰਦਰ ਸਿੰਘ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ। ਪਾਜ਼ੇਟਿਵ ਤੋਂ ਬਾਅਦ ਨੈਗੇਟਿਵ ਰੀਪੋਰਟ ਲਿਆਉਣ ਵਿਚ ਹਸਪਤਾਲ ਦੇ ਡਾਕਟਰਾਂ ਅਤੇ ਵਾਰਡ ਨਾਲ ਸਬੰਧਤ ਕਰਮਚਾਰੀਆਂ ਦਾ ਵੀ ਅਹਿਮ ਰੋਲ ਰਿਹਾ ਹੈ। ਰੀਪੋਰਟ ਠੀਕ ਆਉਣ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਅਪਣੇ ਘਰ ਵਿਚ ਜਾਣ ਲਈ ਛੁੱਟੀ ਦਿੰਦਿਆਂ ਅਪਣੇ ਘਰ ਵਿਚ 14 ਦਿਨ ਦੇ ਇਕਾਂਤਵਾਸ ਵਿਚ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ।
ਗੁਰੂ ਨਾਨਕ ਹਸਪਤਾਲ ਵਿਚ ਗੁਰਦੇਵ ਸਿੰਘ ਨਿਵਾਸੀ ਹੁਸ਼ਿਆਰਪੁਰ ਤੋਂ ਬਾਅਦ ਹਰਜਿੰਦਰ ਸਿੰਘ ਅਜਿਹੇ ਮਰੀਜ਼ ਹਨ ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦਿਤੀ ਹੈ।
ਹੁਸ਼ਿਆਰਪੁਰ ਪ੍ਰਸ਼ਾਸਨ ਵਲੋਂ ਹਰਜਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਸੀ। ਰੀਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਰਜਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਉਨ੍ਹਾਂ ਲਈ ਭਗਵਾਨ ਬਣ ਕੇ ਆਏ ਹਨ, ਜਿਨ੍ਹਾਂ ਵਲੋਂ ਇਲਾਜ ਦੇ ਨਾਲ-ਨਾਲ ਚੰਗਾ ਆਹਾਰ ਜਿਸ ਵਿਚ ਆਂਡੇ, ਦੁੱਧ, ਦਲੀਆ, ਫਲ ਆਦਿ ਖਾਣ ਨੂੰ ਦਿਤੇ ਜਾਂਦੇ ਰਹੇ। ਮਰੀਜ਼ ਦਾ ਮਨੋਬਲ ਉੱਚਾ ਚੁੱਕਣ ਲਈ ਰੋਜ਼ਾਨਾ ਡਾਕਟਰਾਂ ਵਲੋਂ ਕਾਊਂਸÇਲੰਗ ਵੀ ਕੀਤੀ ਜਾਂਦੀ ਰਹੀ।
File photo
ਹਸਪਤਾਲ ਦੇ 2 ਮਰੀਜ਼ਾਂ ਦੀ ਰੀਪੋਰਟ ਨੈਗੇਟਿਵ ਆਉਣ ’ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਮੈਡੀਕਲ ਕਾਲਜ ਦੀ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਖੁਸ਼ੀ ਜ਼ਾਹਰ ਕਰਦਿਆ ਡਾਕਟਰਾਂ ਅਤੇ ਸਟਾਫ਼ ਦੀ ਟੀਮ ਨੂੰ ਵਧਾਈ ਦਾ ਪਾਤਰ ਦਸਿਆ। ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਚ ਅੰਮ੍ਰਿਤਸਰ ਦੇ ਵਡਾਲੀ, ਛੇਹਰਟਾ ਨਿਵਾਸੀ ਗੁਰਪ੍ਰੀਤ ਸਿੰਘ (38), ਅਮਰਕੋਟ ਨਿਵਾਸੀ ਬਲਬੀਰ ਸਿੰਘ (67) ਉਸਦੀ ਪਤਨੀ ਪਰਮਜੀਤ ਕੌਰ (51) ਅਤੇ ਜੰਡਿਆਲਾ ਗੁਰੂ ਨਿਵਾਸੀ ਸਾਹਿਲ (23) ਦਾਖ਼ਲ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ।
ਇਸ ਤੋਂ ਇਲਾਵਾ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਵਾਰਕ ਅਤੇ ਸੰਪਰਕ ਵਿਚ ਆਉਣ ਵਾਲੇ 5 ਲੋਕ ਫ਼ੋਰਟਿਸ ਅਸਕਾਰਟ ਹਸਪਤਾਲ ਵਿਖੇ ਦਾਖ਼ਲ ਹਨ। ਉਨ੍ਹਾਂ ਦਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਦੌਰਾਨ ਕੋਰੋਨਾ ਪੀੜਤ 4 ਮਰੀਜ਼ਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿਚ ਹੁਸ਼ਿਆਰਪੁਰ ਨਿਵਾਸੀ ਹਰਭਜਨ ਸਿੰਘ, ਅੰਮ੍ਰਿਤਸਰ ਨਿਵਾਸੀ ਭਾਈ ਨਿਰਮਲ ਸਿੰਘ ਖਾਲਸਾ, ਪਠਾਨਕੋਟ ਨਿਵਾਸੀ ਰਾਜ ਰਾਣੀ, ਗੁਰਦਾਸਪੁਰ ਨਿਵਾਸੀ ਸੰਸਾਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਵੇਂ ਮਰੀਜ਼ ਨਿਗਮ ਦੇ ਸਾਬਕਾ ਅਧਿਕਾਰੀ ਜਸਵਿੰਦਰ ਸਿੰਘ ਦੀ ਅਸਕਾਰਟ ਹਸਪਤਾਲ ਵਿਖੇ ਮੌਤ ਹੋ ਚੁੱਕੀ ਹੈ।