
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਜਾਰੀ-ਭਾਰਤ ਭੂਸ਼ਣ ਆਸ਼ੂ
ਲੁਧਿਆਣਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਯੂਨਾਈਟਿਡ ਪ੍ਰੈੱਸ ਕਲੱਬ ਵੱਲੋਂ ਸ਼ਹਿਰ ਨੂੰ ਸਵੱਛ ਬਣਾਉਣ ਲਈ ਉੱਚ ਤਕਨੀਕੀ ਜਾਪਾਨੀ ਮਸ਼ੀਨਾਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੌਂਪੀਆਂ ਗਈਆਂ।
Photo
ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਮੇਅਰ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦੀ ਹਾਜ਼ਰੀ ਵਿਚ ਸ਼ਹਿਰ ਨੂੰ ਸਵੱਛ ਬਣਾਉਣ ਲਈ ਪੀ.ਆਈ. ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੋਚਰ ਮਾਰਕੀਟ ਚੌਕ ਤੋਂ ਦੋ ਹਾਈਟੈਕ ਜਾਪਾਨੀ ਮਸ਼ੀਨਾਂ ਦੀ ਸ਼ੁਰੂਆਤ ਕਰਵਾਈ।
File Photo
ਉਹਨਾਂ ਦੱਸਿਆ ਕਿ ਇਹ ਮਸ਼ੀਨਾਂ ਪੂਰੇ ਸ਼ਹਿਰ ਵਿਚ ਘੁੰਮਣਗੀਆਂ ਅਤੇ ਘਰਾਂ, ਗਲੀਆਂ, ਸਬਜ਼ੀਆਂ ਦੇ ਬਾਜ਼ਾਰਾਂ ਅਤੇ ਇਲਾਕਿਆਂ ਦੇ ਬਾਹਰ ਸੜਕ ਨੂੰ ਸਵੱਛ ਬਣਾਉਣਗੀਆਂ। ਇਸ ਦੇ ਨਾਲ ਹੀ ਸ਼ਹਿਰ ਵਿਚ ਤੈਨਾਤ ਮੁਲਾਜ਼ਮਾਂ ਦੇ ਕੱਪੜੇ ਵੀ ਪੂਰੀ ਤਰ੍ਹਾਂ ਸਾਫ (ਸੈਨੀਟਾਈਜ਼) ਕੀਤੇ ਜਾਣਗੇ, ਤਾਂ ਜੋ ਕੋਰੋਨਾ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
Photo
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਭਿਆਨਕ ਬਿਮਾਰੀ ਤੋਂ ਸ਼ਹਿਰ ਵਾਸੀਆਂ ਨੂੰ ਬਚਾਅ ਕੇ ਰੱਖਣ ਲਈ ਜ਼ਰੂਰੀ ਹੈ ਕਿ ਪੂਰੇ ਸ਼ਹਿਰ ਨੂੰ ਹਾਈ-ਟੈੱਕ ਮਸ਼ੀਨਾਂ ਨਾਲ ਸਵੱਛ ਬਣਾਇਆ ਜਾਵੇ। ਲੁਧਿਆਣਾ ਵਰਗੇ ਲੱਖਾਂ ਦੀ ਆਬਾਦੀ ਵਾਲੇ ਸ਼ਹਿਰ ਵਿਚ ਅਜਿਹੀਆਂ ਮਸ਼ੀਨਾਂ ਦੀ ਬਹੁਤ ਲੋੜ ਸੀ। ਉਹਨਾਂ ਦੱਸਿਆ ਕਿ ਇਹ ਦੋਵੇਂ ਮਸ਼ੀਨਾਂ ਯੂਨਾਈਟਿਡ ਪ੍ਰੈੱਸ ਕਲੱਬ ਨੇ ਦਿੱਤੀਆਂ ਹਨ।
File Photo
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਮਸ਼ੀਨ ਹਰੇਕ ਵਿਧਾਨ ਸਭਾ ਹਲਕੇ ਵਿਚ ਤਿੰਨ-ਤਿੰਨ ਦਿਨ ਚੱਲੇਗੀ ਤਾਂ ਜੋ ਪੂਰੇ ਸ਼ਹਿਰ ਨੂੰ ਵਾਇਰਸ ਮੁਕਤ ਬਣਾਇਆ ਜਾ ਸਕੇ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ।