
ਪੰਜਾਬ ਦੀਆਂ ਮੰਡੀਆਂ ’ਚ ਖ਼ਰੀਦ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦਾ ਚਿੱਟਾ ਸੋਨਾ ਪਾਣੀ ’ਚ ਰੁਲਿਆ
ਚੰਡੀਗੜ੍ਹ, 18 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪਹਿਲਾਂ ਕਿਸਾਨ ਕੋਰੋਨਾ ਦਾ ਡਰ ਭੁਲਾ ਕੇ ਮਸਾਂ ਖੇਤਾਂ ਵਲ ਨਿਕਲਿਆ ਸੀ ਤੇ ਉਸ ਨੂੰ ਵਿਸ਼ਵਾਸ ਸੀ ਕਿ ਉਸ ਦੇ ਪਸੀਨੇ ਨਾਲ ਕੋਰੋਨਾ ਜ਼ਰੂਰ ਧੋਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਜਿਸ ਕੁਦਰਤ ’ਤੇ ਭਰੋਸਾ ਕਰ ਕੇ ਕਿਸਾਨ ਖੇਤਾਂ ਵਲ ਨੂੰ ਹੋ ਤੁਰਿਆ ਸੀ, ਉਸੇ ਕੁਦਰਤ ਨੇ ਕਿਸਾਨ ਦੇ ਉਲਟ ਭੁਗਤਣਾ ਸ਼ੁਰੂ ਕਰ ਦਿਤਾ ਹੈ।
ਪੰਜਾਬ ’ਚ ਮੌਸਮ ਦਾ ਮਿਜ਼ਾਜ ਲਗਾਤਾਰ ਬਦਲਦਾ ਜਾ ਰਿਹਾ ਹੈ। ਬੀਤੇ ਥੋੜ੍ਹੇ ਦਿਨਾਂ ’ਚ ਸੂਬੇ ’ਚ ਗਰਮੀ ਕਾਫ਼ੀ ਵਧਣ ਲੱਗੀ ਸੀ ਪਰ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਜ਼ੋਰਦਾਰ ਹਵਾਵਾਂ ਨਾਲ ਮੀਂਹ ਪੈਣ ਲੱਗ ਪਿਆ। ਮੌਸਮ ਦੇ ਇਸ ਬਦਲਾਅ ਨਾਲ ਜਿਥੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਉਥੇ ਦੂਜੇ ਪਾਸੇ ਕਿਸਾਨਾਂ ਦੇ ਚਿਹਰਿਆਂ ’ਤੇ ਉਦਾਸੀ ਛਾ ਗਈ ਕਿਉਂਕਿ ਕਿਸਾਨਾਂ ਵਲੋਂ ਵੱਢੀ ਗਈ ਕਣਕ ਇਸ ਸਮੇਂ ਮੰਡੀਆਂ ’ਚ ਪਈ ਹੋਈ ਹੈ ਅਤੇ ਖੇਤਾਂ ’ਚ ਵੀ ਪੱਕੀ ਕਣਕ ਖੜੀ ਹੈ, ਜਿਸ ਕਾਰਨ ਕਿਸਾਨ ਮੌਸਮ ਨੂੰ ਲੈ ਕੇ ਚਿੰਤਿਤ ਵਿਖਾਈ ਦੇ ਰਹੇ ਹਨ।
File photo
ਪੰਜਾਬ ਖੇਤੀਬਾੜੀ ਯੂਨੀਵਰਸਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੀਂਹ ਕਾਫ਼ੀ ਹਲਕਾ ਪਿਆ ਹੈ, ਇਸ ਕਰ ਕੇ ਖੇਤਾਂ ’ਚ ਖੜੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ ਅੰਦਰ ਪਈ ਕਣਕ ’ਚ ਨਮੀ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ। ਉਨ੍ਹਾਂ ਨਾਲ ਹੀ ਇਹ ਵੀ ਸੰਕੇਤ ਦੇ ਦਿਤਾ ਕਿ ਅਪ੍ਰੈਲ ਮਹੀਨੇ ’ਚ ਇਹ ਪਹਿਲੀ ਬਾਰਸ਼ ਹੋਈ ਹੈ ਤੇ ਪਛਮੀ ਗੜਬੜੀ ਕਾਰਨ 21-22 ਤਰੀਕ ਨੂੰ ਮੁੜ ਤੋਂ ਬਾਰਸ਼ ਪੈ ਸਕਦੀ ਹੈ। ਮੌਸਮ ਵਿਭਾਗ ਦੇ ਇਸ ਅਨੁਮਾਨ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ ’ਚ ਪਾ ਦਿਤਾ ਹੈ ਕਿਉਂਕਿ ਜੇਕਰ ਕਣਕ ਖੜੀ ਰਹਿੰਦੀ ਹੈ
ਤਾਂ ਉਹ ਝੱਖੜ ਕਾਰਨ ਡਿੱਗ ਕੇ ਖ਼ਰਾਬ ਹੋ ਜਾਵੇਗੀ ਤੇ ਜੇਕਰ ਕਿਸਾਨ ਨੇ ਕਣਕ ਕੱਢ ਕੇ ਮੰਡੀਆਂ ’ਚ ਸੁੱਟ ਦਿਤੀ ਤਾਂ ਵੱਧ ਨਮੀ ਕਾਰਨ ਉਹ ਵਿਕਣੀ ਨਹੀਂ ਇਸ ਕਿਸਾਨ ਹੀ ਦੋਹੇਂ ਪਾਸੀਂ ਫਸ ਗਿਆ ਹੈ। ਜੇਕਰ ਗੱਲ ਬੀਤੇ ਦਿਨ ਪਏ ਮੀਂਹ ਦੀ ਗੱਲ ਕਰੀਏ ਤਾਂ ਪੰਜਾਬ ’ਚ ਬਹੁਤ ਸਾਰੀਆਂ ਥਾਵਾਂ ’ਤੇ ਬੇਮੌਸਮੀ ਮੀਂਹ, ਹਨੇਰੀ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਵਿਛਾ ਕੇ ਰੱਖ ਦਿਤੀ ਹੈ।
ਲੁਧਿਆਣਾ ਦੇ ਕਿਸਾਨਾਂ ਨੇ ਦਸਿਆ ਕਿ ਮੀਂਹ ਤੇ ਹਨੇਰੀ ਨੇ ਉਨ੍ਹਾਂ ਦੀ 20 ਤੋਂ 25 ਫ਼ੀ ਸਦੀ ਫ਼ਸਲ ਬਰਬਾਦ ਕਰ ਦਿਤੀ ਹੈ। ਵਧੇਰੇ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਤੇ ਉਸ ਦੇ ਲਾਗਲੇ ਇਲਾਕਿਆਂ ’ਚ ਹੋਇਆ ਹੈ ਜਿਥੇ ਤੇਜ਼ ਹਨੇਰੀ ਤੇ ਮੀਂਹ ਦੇ ਨਾਲ ਨਾਲ ਜੰਮ ਕੇ ਗੜ੍ਹੇਮਾਰੀ ਹੋਈ। ਇਸ ਤੋਂ ਇਲਾਵਾ ਮਾਝਾ ਇਲਾਕੇ ’ਚ ਸ਼ੁੱਕਰਵਾਰ ਨੂੰ ਬੂੰਦਾ-ਬਾਂਦੀ ਨੇ ਵੀ ਫ਼ਸਲ ਦਾ ਡਾਢਾ ਨੁਕਸਾਨ ਕੀਤਾ ਹੈ।
ਪੰਜਾਬ ਦੇ ਕੁੱਝ ਇਲਾਕਿਆਂ ’ਚ ਅੱਜ ਸਨਿੱਚਰਵਾਰ ਸਵੇਰੇ ਵੀ ਮੀਂਹ ਪਿਆ ਤੇ ਅਸਮਾਨ ’ਚ ਫੈਲੇ ਕਾਲੇ ਤੇ ਸੰਘਣੇ ਬੱਦਲਾਂ ਨੇ ਕਿਸਾਨਾਂ ਦੀ ਜਾਨ ਮੁੱਠੀ ’ਚ ਲਿਆ ਦਿਤੀ ਹੈ। ਇਸ ਬਰਬਾਦੀ ਦੀਆਂ ਤਸਵੀਰਾਂ ਵਿਚ ਤਬਾਹੀ ਸਪੱਸ਼ਟ ਵੇਖੀ ਜਾ ਸਕਦੀ ਹੈ। ਕਈ ਮੰਡੀਆਂ ’ਚ ਤਾਂ ਦੇਰ ਰਾਤ ਪੲੈ ਮੀਂਹ ਕਾਰਨ ਢੇਰੀਆਂ ਹੀ ਪਾਣੀ ਅੰਦਰ ਰੁੜ੍ਹ ਗਈਆਂ। ਕਰਜ਼ੇ ਦਾ ਮਾਰਿਆ ਕਿਸਾਨ ਕਿਸ ਨੂੰ ਦੁੱਖ ਸੁਣਾਵੇ, ਹੁਣ ਤਾਂ ਕਿਸਾਨ ਕਿਸੇ ਸੀਰੀ ਦੇ ਗਲ ਲੱਗ ਕੇ ਵੀ ਨਹੀਂ ਰੋ ਸਕਦਾ ਤੇ ਜਿਨ੍ਹਾਂ ਤੋਂ ਕੰਮ ਕਰਵਾਉਂਦਾ ਸੀ, ਉਹ ਪ੍ਰਵਾਸੀ ਮਜ਼ਦੂਰ ਵੀ ਅਪਣੇ ਸੂਬਿਆਂ ਨੂੰ ਚਲੇ ਗਏ ਹਨ।