
ਕੇਜਰੀਵਾਲ ਨੇ ਮੋਦੀ ਤੋਂ ਮਰੀਜ਼ਾਂ ਲਈ ਆਕਸੀਜਨ ਉਪਲਭਧ ਕਰਵਾਉਣ ਲਈ ਮਦਦ ਮੰਗੀ
ਨਵੀਂ ਦਿੱਲੀ, 18 ਅਪ੍ਰੈਲ : ਦਿੱਲੀ ਵਿਚ ਕੋਰੋੋਨਾ ਤੋਂ ਵਿਗੜਦੇ ਹਾਲਾਤ 'ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ | ਦਿੱਲੀ 'ਚ ਵੀ ਕੋਰੋਨਾ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ | ਹਸਪਤਾਲ 'ਚ ਦਾਖ਼ਲ ਹੋਣ ਵਾਲੇ ਮਰੀਜ਼ ਵੱਧ ਰਹੇ ਹਨ | ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਪਹਿਰ ਨੂੰ ਪੈ੍ਰੱਸ ਕਾਨਫਰੰਸ ਕਰ ਕੇ ਇਹ ਗੱਲ ਆਖੀ ਕਿ ਹੁਣ ਸਾਡੇ ਕੋਲ ਪੂਰੀ ਦਿੱਲੀ 'ਚ ਆਈ. ਸੀ. ਯੂ. ਦੇ 100 ਤੋਂ ਵੀ ਘੱਟ ਬੈੱਡ ਬਚੇ ਹਨ | ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡ ਅਤੇ ਆਕਸੀਜਨ ਉਪਲੱਬਧ ਕਰਾਉਣ ਲਈ ਮਦਦ ਮੰਗੀ ਹੈ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ-19 ਮਹਾਮਾਰੀ ਦੀ ਸਥਿਤੀ ਬਹੁਤ ਗੰਭੀਰ ਹੈ | ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ | ਚਿੱਠੀ
ਵਿਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਹਾਰ ਲਾਈ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਹਾਨੂੰ ਬੇਨਤੀ ਹੈ ਕਿ ਦਿੱਲੀ 'ਚ ਕੇਂਦਰ ਸਰਕਾਰ ਦੇ ਹਸਪਤਾਲਾਂ 'ਚ 10,000 ਬੈੱਡਾਂ ਵਿਚੋਂ 7,000 ਬੈੱਡ ਕੋਵਿਡ-19 ਮਰੀਜ਼ਾਂ ਲਈ ਰਿਜ਼ਰਵਡ ਰੱਖੇ ਜਾਣ | ਆਕਸੀਜਨ ਦੀ ਵੀ ਭਾਰੀ ਕਮੀ ਹੋ ਰਹੀ ਹੈ, ਸਾਨੂੰ ਤੁਰਤ ਆਕਸੀਜਨ ਮੁਹਈਆ ਕਰਵਾਈ ਜਾਵੇ | ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਦਰ ਸਿਰਫ਼ 24 ਘੰਟੇ 'ਚ 24 ਫ਼ੀ ਸਦੀ ਤੋਂ ਵੱਧ ਕੇ 30 ਫ਼ੀ ਸਦੀ ਹੋ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਾਗ ਦਾ ਤੇਜ਼ੀ ਨਾਲ ਪ੍ਰਸਾਰ ਹੋਣ ਦੇ ਚਲਦੇ ਸ਼ਹਿਰ ਦੇ ਹਸਪਤਾਲਾਂ 'ਚ ਕੋਵਿਡ 19 ਮਰੀਜ਼ਾਂ ਲਈ ਬੈੱਡਾਂ ਅਤੇ ਆਕਸੀਜਨ ਦੀ ਤੇਜ਼ੀ ਨਾਲ ਕਮੀ ਵਧਦੀ ਜਾ ਰਹੀ ਹੈ | (ਏਜੰਸੀ)