
ਨੂੰਹ-ਪੁੱਤਰ ਵੀ ਗੰਭੀਰ ਜ਼ਖ਼ਮੀ
Sangrur News : ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ 'ਚ ਬੀਤੀ ਰਾਤ ਰੋਟੀ ਖਾ ਰਹੇ ਇਕ ਪਰਿਵਾਰ ਉੱਤੇ ਅਚਾਨਕ ਹੀ ਘਰ ਦੀ ਗਾਡਰ ਬਾਲਿਆਂ ਵਾਲੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬੀਤੀ ਰਾਤ ਪਿੰਡ ਘਰਾਚੋਂ ਦੀ ਚਾਂਦ ਪੱਤੀ ਵਿਖੇ ਵਾਪਰਿਆ ਹੈ।
ਇਸ ਹਾਦਸੇ 'ਚ ਬਜ਼ੁਰਗ ਮਾਤਾ ਦੀ ਮੌਤ ਹੋ ਜਾਣ ਅਤੇ ਉਸ ਦੇ ਨੂੰਹ-ਪੁੱਤਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੂੰਹ-ਪੁੱਤਰ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਤੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਰੂਪਨਗਰ ਦੀ ਪ੍ਰੀਤ ਕਲੋਨੀ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਸੀ। ਇਸ ਹਾਦਸੇ 'ਚ 5 ਮਜ਼ਦੂਰ ਮਲਬੇ ਹੇਠ ਦੱਬ ਗਏ ਸਨ , ਜਿਨ੍ਹਾਂ 'ਚੋਂ 3 ਦੀ ਮੌਤ ਹੋ ਚੁੱਕੀ ਹੈ।
ਹਰਿਆਣਾ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਦੀ ਮਦਦ ਨਾਲ ਇੱਕ ਘਰ ਦਾ ਲੈਂਟਰ ਉੱਚਾ ਚੁੱਕਿਆ ਜਾ ਰਿਹਾ ਸੀ। ਮਕਾਨ ਨੂੰ ਉੱਚਾ ਚੁੱਕੇ ਜਾਣ ਦਾ ਕੰਮ ਆਖਰੀ ਪੜਾਅ ਤੇ ਸੀ, ਜਿਸ ਦੌਰਾਨ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਲਗਪਗ ਅੱਧੀ ਦਰਜਨ ਮਜ਼ਦੂਰ ਮਲਬੇ ਹੇਠ ਦੱਬ ਗਏ।
ਇਸ ਮਾਮਲੇ ਬਾਰੇ ਏਡੀਸੀ ਰੋਪੜ ਪੂਜਾ ਸਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਜ਼ਦੂਰਾਂ ਨੂੰ ਮਲਬੇ ਹੇਠਾਂ ਕੱਢਣ ਤੋਂ ਬਾਅਦ ਪੀਜੀਆਈ ਚੰਡੀਗੜ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਪੀਜੀਆਈ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਅੱਜ ਸਵੇਰੇ ਇੱਕ ਹੋਰ ਵਿਅਕਤੀ ਅਭਿਸ਼ੇਕ ਦੀ ਮ੍ਰਿਤਕ ਦੇਹ ਨੂੰ ਮਲਵੇ 'ਚੋਂ ਬਾਹਰ ਕੱਢਿਆ ਗਿਆ। ਹੁਣ ਤੱਕ ਇਸ ਮਾਮਲੇ ਵਿੱਚ ਪੰਜ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ ਹੈ।