
ਨਹਿਰੂ ਨੇ ਸਾਨੂੰ ਸਿਆਸਤ ਨਹੀਂ ਸਿਖਾਈ, ਉਨ੍ਹਾਂ ਨੇ ਸਾਨੂੰ ਡਰ ਦਾ ਸਾਹਮਣਾ ਕਰਨਾ ਅਤੇ ਸੱਚ ਲਈ ਖੜ੍ਹੇ ਹੋਣਾ ਸਿਖਾਇਆ- ਰਾਹੁਲ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਦੀ ਸੱਭ ਤੋਂ ਵੱਡੀ ਵਿਰਾਸਤ ਭਾਰਤੀਆਂ ਨੂੰ ਜ਼ੁਲਮ ਦਾ ਵਿਰੋਧ ਕਰਨ ਅਤੇ ਆਜ਼ਾਦੀ ਦਾ ਦਾਅਵਾ ਕਰਨ ਦੀ ਹਿੰਮਤ ਦੇਣਾ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ‘ਐਕਸ’ ਅਤੇ ਯੂ-ਟਿਊਬ ਚੈਨਲ ’ਤੇ ਪੋਸਟ ਕੀਤੀ ਗਈ ਪਾਰਟੀ ਨੇਤਾ ਸੰਦੀਪ ਦੀਕਸ਼ਿਤ ਨਾਲ ਖੁੱਲ੍ਹੀ ਗੱਲਬਾਤ ’ਚ ਰਾਹੁਲ ਗਾਂਧੀ ਨੇ ਸੱਚਾਈ ਦੀ ਭਾਲ ਅਤੇ ਇਸ ਦੇ ਨਾਲ ਖੜ੍ਹੇ ਰਹਿਣ ਦੀ ਅਪਣੀ ਇੱਛਾ ਬਾਰੇ ਗੱਲ ਕੀਤੀ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਨਹਿਰੂ ਨੇ ਸਾਨੂੰ ਸਿਆਸਤ ਨਹੀਂ ਸਿਖਾਈ, ਉਨ੍ਹਾਂ ਨੇ ਸਾਨੂੰ ਡਰ ਦਾ ਸਾਹਮਣਾ ਕਰਨਾ ਅਤੇ ਸੱਚ ਲਈ ਖੜ੍ਹੇ ਹੋਣਾ ਸਿਖਾਇਆ। ਉਨ੍ਹਾਂ ਨੇ ਭਾਰਤੀਆਂ ਨੂੰ ਜ਼ੁਲਮ ਦਾ ਵਿਰੋਧ ਕਰਨ ਅਤੇ ਆਖਰਕਾਰ ਆਜ਼ਾਦੀ ਦਾ ਦਾਅਵਾ ਕਰਨ ਦੀ ਹਿੰਮਤ ਦਿਤੀ।’’ ਸੰਦੀਪ ਦੀਕਸ਼ਿਤ ਨਾਲ ਇਸ ਪੋਡਕਾਸਟ-ਸ਼ੈਲੀ ਦੀ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੱਭ ਤੋਂ ਵੱਡੀ ਵਿਰਾਸਤ ਉਨ੍ਹਾਂ ਦੀ ਸੱਚਾਈ ਦੀ ਨਿਰੰਤਰ ਭਾਲ ਵਿਚ ਹੈ- ਇਕ ਅਜਿਹਾ ਸਿਧਾਂਤ ਜਿਸ ਨੇ ਉਨ੍ਹਾਂ ਦੀ ਹਰ ਚੀਜ਼ ਨੂੰ ਰੂਪ ਦਿਤਾ।