
ਕਾਂਗਰਸੀਆਂ ਨੇ ਗੁੰਡਾਗਰਦੀ ਕਰਦਿਆਂ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ
ਰਾਮਪੁਰਾ ਫੂਲ: ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ 7ਵੇਂ ਪੜਾਅ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਪ੍ਰੀਕਿਰਿਆ ਜਾਰੀ ਹੈ। ਸਵੇਰ ਤੋਂ ਲੋਕ ਲੰਮੀਆਂ ਕਤਾਰਾਂ ਬਣਾ ਕੇ ਵੋਟਾਂ ਪਾ ਰਹੇ ਹਨ। ਪਰ ਪੰਜਾਬ ‘ਚ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਰਾਮਪੁਰਾ ਫੂਲ ਦੇ ਪਿੰਡ ਕਾਂਗੜ ‘ਚ ਵੀ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਥੇ ਸ਼੍ਰੋਮਣੀ ਅਕਾਲੀ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਉਹਨਾਂ ‘ਤੇ ਹਮਲਾ ਕਰ ਕੇ ਉਹਨਾਂ ਦੇ ਬੂਥ ‘ਤੇ ਕਬਜ਼ਾ ਕਰ ਲਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦਾ ਇਲਜ਼ਾਮ ਹੈ ਕਿ ਕਾਂਗਰਸੀਆਂ ਨੇ ਗੁੰਡਾਗਰਦੀ ਕਰਦਿਆਂ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਅਕਾਲੀ ਵਰਕਰਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਅਜਿਹਾ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਸਗੋਂ ਬੀਤੀ ਰਾਤ ਵੀ ਬਠਿੰਡਾ ਵਿਖੇ ਕਾਂਗਰਸੀਆਂ ਵੱਲੋਂ ਅਕਾਲੀ ਵਰਕਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਵੀ ਆਇਆ ਸੀ।