
ਮਜ਼ਦੂਰਾਂ ਦਾ ਪਲਾਇਨ ਦੇਸ਼ ਲਈ ਇਕ ਕਲੰਕ : ਚੰਦਰਮੋਹਨ
ਪੰਚਕੂਲਾ, 18 ਮਈ (ਪੀ.ਪੀ. ਵਰਮਾ) : ਪੰਚਕੂਲਾ ਦੇ ਬੁੱਢਣਪੁਰ, ਅਭੈਪੁਰ, ਇੰਡਸਟਰੀਅਲ ਏਰੀਆ, ਮਾਜਰੀ ਚੋਂਕ, ਪੁਰਾਣਾ ਪੰਚਕੂਲਾ ਤੋਂ ਸੈਂਕੜੇ ਮਜ਼ਦੂਰਾਂ ਦੇ ਜੱਥੇ ਅੱਧੀ-ਅੱਧੀ ਰਾਤ ਨੂੰ ਆਪਣੇ ਪਿਤਰੀ ਰਾਜ ਜਾਣ ਲਈ ਨਿਕਲ ਰਹੇ ਹਨ। ਇਹ ਜੱਥੇ ਇਸ ਲਈ ਰਾਤ ਨੂੰ ਨਿਕਲਦੇ ਹਨ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਦੇ ਨਾਕਿਆਂ ਵਾਲੇ ਇਹਨਾਂ ਨੂੰ ਫੜ੍ਹ ਨਾ ਲੈਣ। ਉੱਤਰ ਪ੍ਰਦੇਸ਼ ਦੇ ਜ਼ਿਆਦਾ ਤਰ ਮਜ਼ਦੂਰ ਵਾਇਆ ਬਰਵਾਲਾ ਯਮੂਨਾ ਨਗਰ ਹੁੰਦੇ ਹੋਏ ਸਹਾਰਨਪੁਰ ਰਾਹੀਂ ਜਾਂਦੇ ਹਨ।
ਪਿੰਡ ਮੜਾਂਵਾਲਾ ਅਤੇ ਕਾਲਕਾ ਤੋਂ ਜਿਹੜੇ 520 ਮਜ਼ਦੂਰਾਂ ਨੂੰ 17 ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਲੈ ਕੇ ਗਈਆਂ ਸਨ। ਉਹਨਾਂ ਨੂੰ ਸਹਾਰਨਪੁਰ ਦੇ ਨੇੜੇ ਤਰਸਾਬਾ ਯੂਪੀ ਬਾਰਡਰ ਉੱਤੇ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਇਹ 17 ਦੀਆਂ 17 ਬੱਸਾਂ ਮਜ਼ਦੂਰਾਂ ਸਮਤੇ ਵਾਪਸ ਭੇਜ ਦਿੱਤੀਆਂ ਗਈਆਂ। ਵਾਪਸ ਆਏ ਮਜ਼ਦੂਰਾਂ ਵਿੱਚ ਬੜੀ ਨਿਰਾਸਾ ਹੈ। ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਅਹੂਜਾ ਨੇ ਕਿਹਾ ਹੈ ਕਿ ਯੂਪੀ ਦੇ ਬਾਹਰੀ ਰਾਜਾਂ ਤੋਂ ਆਉਣ ਵਾਲੀ ਭੀੜ ਦੱਸ ਕੇ ਇਹਨਾਂ ਬੱਸਾਂ ਦੀਆਂ ਸਵਾਰੀਆਂ ਨੂੰ ਵਾਪਸ ਭੇਜ ਦਿੱਤਾ।
ਐੱਸਡੀਐਮ ਕਾਲਕਾ ਰਾਕੇਸ਼ ਸੰਧੂ ਨੇ ਕਿਹਾ ਹੈ ਕਿ ਇਹਨਾਂ ਵਾਪਸ ਆਏ ਪ੍ਰਵਾਸੀ ਕਾਮਿਆਂ ਨੂੰ ਹੋਮਸੈਲਟਰ ਵਿੱਚ ਰੱਖਿਆ ਜਾਵੇਗਾ।ਇਹਨਾਂ ਮਜ਼ਦੂਰਾਂ ਨੂੰ ਭਾਜਪਾ ਦੀ ਨੇਤਾ ਕਾਲਕਾ ਦੀ ਸਾਬਕਾ ਵਿਧਾਇਕ ਨੀਤਿਕਾ ਸ਼ਰਮਾ ਨੇ ਬੜੀ ਖ਼ੁਸ਼ੀ ਖ਼ੁਸ਼ੀ ਝੰਡੀਆਂ ਦਿਖਾ ਕੇ ਤੋਰਿਆ ਸੀ।
ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰਮੋਹਨ ਨੇ ਕਿਹਾ ਹੈ ਕਿ ਦੇਸ ਭਰ ਵਿੱਚ ਮਜ਼ਦੂਰਾਂ ਦਾ ਪਲਾਇਨ ਦੇਸ ਤੇ ਇੱਕ ਕਲੰਕ ਹੈ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਭੁੱਖੇ ਪਿਆਸੇ ਪ੍ਰਵਾਸੀ ਕਾਮਿਆਂ ਨੂੰ ਜਿਨ੍ਹਾਂ ਵਿੱਚ ਗੋਦੀ ਵਿੱਚ ਛੋਟੇ ਬੱਚੇ, ਕਈ ਗਰਭਵਤੀ ਮਹਿਲਾਵਾਂ ਦੇ ਨਾਲ ਨਾਲ ਕਈ ਬਜ਼ੁਰਗ ਵੀ ਸ਼ਾਮਲ ਹਨ ਉਹਨਾਂ ਨੂੰ ਪੈਦਲ ਜਾਂ ਫਿਰ ਸਾਇਕਲਾਂ ਉੱਤੇ 1000-1000 ਕਿਲੋਮੀਟਰ ਸਫ਼ਰ ਤਹਿ ਕਰਨਾ ਪੈ ਰਿਹਾ ਹੈ ਇਹ ਦੇਸ਼ ਲਈ ਬੜੀ ਸ਼ਰਮ ਦੀ ਗੱਲ ਹੈ।
ਚੰਦਰਮੋਹਨ ਨੇ ਕਿਹਾ ਕੀ 55 ਦਿਨਾਂ ਦੇ ਬਾਅਦ ਲਾਕਡਾਊਨ ਵਾਰੇ ਕੇਂਦਰ ਸਰਕਾਰ ਦੀ ਅੱਖ ਖੁੱਲ੍ਹੀ ਸੀ ਅਤੇ ਹੁਣ 5 ਕਿਲੋ ਕਣਕ, ਇੱਕ ਕਿੱਲੋ ਚਨਾ ਅਤੇ ਕੁਝ ਚਾਵਲ ਦੇ ਕੇ ਇਹਨਾਂ ਪ੍ਰਵਾਸੀ ਕਾਮਿਆਂ ਦਾ ਇਮਾਨ ਖਰੀਦਿਆ ਜਾ ਰਿਹਾ ਹੈ।