
ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਨੇ ਐਸ.ਐਸ.ਪੀ. (ਦਿਹਾਤੀ) ਵਿਕਰਮਜੀਤ ਸਿੰਘ ਦੁੱਗਲ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਗੁਰੂ ਗਿਆਨ ਨਾਥ ਆਸ਼ਰਮ
ਰਾਜਾਸਾਂਸੀ/ਰਾਮਤੀਰਥ, 18 ਮਈ (ਜਗਤਾਰ ਮਾਹਲਾ): ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਨੇ ਐਸ.ਐਸ.ਪੀ. (ਦਿਹਾਤੀ) ਵਿਕਰਮਜੀਤ ਸਿੰਘ ਦੁੱਗਲ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕ ਤੀਰਥ ਦੇ ਮੁਖੀ ਗਿਰਧਾਰੀ ਨਾਥ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਵਿਰੁਧ ਮੁਕੱਦਮਾ ਨੰਬਰ 104 , ਜੁਰਮ 376 , 346 ,379 , 509 , 34 ਅਧੀਨ ਕੇਸ ਦਰਜ ਕਰ ਕੇ ਕਥਿਤ ਮੁੱਖ ਦੋਸ਼ੀ ਗਿਰਧਾਰੀ ਨਾਥ ਅਤੇ ਵਰਿੰਦਰ ਨਾਥ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦਕਿ ਦੋ ਦੋਸ਼ੀ ਨਛੱਤਰ ਨਾਥ ਤੇ ਸੂਰਜ ਨਾਥ ਫ਼ਰਾਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਬ ਡਵੀਜ਼ਨ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦਸਿਆ ਕਿ ਐਸ.ਸੀ. ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਥਾਣਾ ਲੋਪੋਕੇ 'ਚ ਇਕ ਲਿਖਤੀ ਦਰਖ਼ਾਸਤ ਦਿਤੀ ਸੀ ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਗੁਰਜੀਤ ਕੌਰ ਪਤਨੀ ਗੁਰਜੰਟ ਸਿੰਘ, ਵਾਸੀ ਤਲਵੰਡੀ ਭਰਤਪੁਰ, ਥਾਣਾ ਘਣੀਕੇ ਬਾਂਗਰ ਅਤੇ ਲਖਵਿੰਦਰ ਕੌਰ ਪਤਨੀ ਮਰਹੂਮ ਲਾਲ ਸਿੰਘ ਵਾਸੀ ਜਾਂਗਲਾ ਥਾਣਾ ਘਣੀਕੇ ਬਾਂਗਰ ਬਟਾਲਾ ਨੂੰ ਗੁਰੂ ਗਿਆਨ ਨਾਥ ਆਸ਼ਰਮ ਦੇ ਪੁਜਾਰੀ ਗਿਰਧਾਰੀ ਨਾਥ ਤੇ ਉਸ ਦੇ ਚੇਲਿਆਂ ਨੇ ਮੰਦਰ ਵਿਚ ਬੰਦੀ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੋਹਾਂ ਔਰਤਾਂ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. (ਦਿਹਾਤੀ) ਦੇ ਹੁਕਮਾਂ ਅਨੁਸਾਰ ਪੁਲਿਸ ਕਪਤਾਨ ਸਥਾਨਕ ਅਮਨਦੀਪ ਕੌਰ, ਡੀ.ਐਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਐਚ.ਓ. ਲੋਪੋਕੇ ਹਰਪਾਲ ਸਿੰਘ ਸੋਹੀ, ਰਾਮ ਤੀਰਥ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਸਮੇਤ ਪੁਲਿਸ ਫੋਰਸ ਨਾਇਬ ਤਹਿਸੀਲਦਾਰ ਲੋਪੋਕੇ ਜਗਸੀਰ ਸਿੰਘ ਨੇ ਆਸ਼ਰਮ ਵਿਚ ਜਾ ਕੇ ਦੋਹਾਂ ਔਰਤਾਂ ਨੂੰ ਬਰਾਮਦ ਕਰ ਕੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਮੁਹਈਆ ਕਰਵਾਈ ਅਤੇ ਦੋ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਇਸ ਮੌਕੇ ਹਾਜ਼ਰ ਆਟੋ ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ ਕੋਹਾਲੀ, ਨਾਨਕ ਸਿੰਘ ਛੇਹਰਟਾ, ਸਾਬਕਾ ਸਰਪੰਚ ਪ੍ਰਤਾਪ ਸਿੰਘ ਕਲੇਰ, ਕੁਲਦੀਪ ਸਿੰਘ ਕਲੇਰ, ਦਲਬੀਰ ਸਿੰਘ ਮਹਿਤਾ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਡੇਰੇ ਵਿਚ ਡੇਰਾ ਮੁਖੀ ਵਲੋਂ ਪਿਛਲੇ ਸਮੇਂ ਤੋਂ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਕਾਰਵਾਈਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁੱਟਮਾਰ ਕਰ ਕੇ ਕੱਢ ਦਿਤਾ ਜਾਂਦਾ ਸੀ ਅਤੇ ਆਸ਼ਰਮ ਵਿਚ ਅਪਣੇ ਸਕੇ ਸਬੰਧੀ ਤੇ ਪਰਵਾਰਕ ਮੈਂਬਰਾਂ ਨੂੰ ਰੱਖਿਆ ਹੋਇਆ ਸੀ।