
ਵਿਰੋਧੀ ਧਿਰ ਵਜੋਂ 'ਆਪ' ਨੇ ਨਿਭਾਈ ਬਹੁਪੱਖੀ ਭੂਮਿਕਾ : ਪ੍ਰਿੰ. ਬੁੱਧ ਰਾਮ
ਚੰਡੀਗੜ੍ਹ, 18 ਮਈ (ਨੀਲ ਭਲਿੰਦਰ ਸਿੰਘ) : ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਪਿਛਲੀ 22 ਮਾਰਚ ਤੋਂ ਲਾਗੂ ਸਖ਼ਤ ਹੁਕਮਾਂ 'ਚ ਬੇਸ਼ੱਕ ਸਰਕਾਰ ਨੇ ਕੁੱਝ ਸ਼ਰਤਾਂ ਸਹਿਤ ਢਿੱਲ ਘੋਸ਼ਿਤ ਕੀਤੀ ਹੈ, ਪਰੰਤੂ ਇਸ ਨਾਮੁਰਾਦ ਬੀਮਾਰੀ ਬਾਰੇ ਜਾਗਰੂਕਤਾ ਅਤੇ ਸਰਕਾਰਾਂ ਵਲੋਂ ਲੋੜਵੰਦਾਂ ਲਈ ਜ਼ਰੂਰੀ ਪ੍ਰਬੰਧਾਂ 'ਚ ਅਜੇ ਹੋਰ ਵੀ ਠੋਸ ਕਦਮ ਉਠਾਉਣ ਦੀ ਲੋੜ ਹੈ, ਕਿਉਂਕਿ ਵੈਕਸੀਨ ਤਿਆਰ ਹੋਣ ਤਕ ਇਸ ਬੀਮਾਰੀ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ।
File photo
ਸੋਮਵਾਰ ਇਥੇ ਮੀਡੀਆ ਦੇ ਰੂਬਰੂ ਹੁੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਉਪਰੋਕਤ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਹਰਚੰਦ ਸਿੰਘ ਬਰਸਟ, ਬੁਲਾਰੇ ਗੋਵਿੰਦਰ ਮਿਤੱਲ ਅਤੇ ਸੰਦੀਪ ਸਿੰਗਲਾ ਵੀ ਮੌਜੂਦ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਾਕਡਾਊਨ/ਕਰਫ਼ਿਊ ਦੌਰਾਨ ਇਸ ਔਖੀ ਘੜੀ 'ਚ ਆਮ ਆਦਮੀ ਪਾਰਟੀ ਸਿਆਸਤ ਤੋਂ ਉਪਰ ਉਠ ਕੇ ਜਿਥੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਉੱਥੇ ਆਪਣੇ ਪੱਧਰ 'ਤੇ ਲੋਕਾਂ ਲਈ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਅਤੇ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕੀਤੀ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਸੀਂ ਆਲੋਚਨਾ ਲਈ ਆਲੋਚਨਾ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ, ਪਰੰਤੂ ਕੋਰੋਨਾ ਮਹਾਂਮਾਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਨੇਕ ਪਹਿਲੂਆਂ ਤੋਂ ਬੁਰੀ ਤਰਾਂ ਪੋਲ ਖੋਲੀ ਹੈ। ਸਰਕਾਰੀ ਸਿਹਤ ਸੇਵਾਵਾਂ, ਸੂਬੇ ਦੀ ਕੰਗਾਲ ਅਰਥ ਵਿਵਸਥਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੰਤਰੀਆਂ ਦੀ ਅਜਿਹੀ ਚੁਨੌਤੀ ਦਾ ਸਾਹਮਣਾ ਕਰਨ 'ਚ ਨਾ ਕਾਬਲੀਅਤ ਸਭ ਦੇ ਸਾਹਮਣੇ ਆਈ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁਸ਼ਕਲਾਂ ਹਾਲਤਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਬਹੁਤ ਕੁੱਝ ਸਿੱਖਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਔਖੇ ਸਮੇਂ 'ਚ ਵਿਰੋਧੀ ਧਿਰ ਵਜੋਂ 'ਆਪ' ਨੇ ਬਹੁਪੱਖੀ ਭੂਮਿਕਾ ਨਿਭਾਈ।