
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੋਕ-ਪੱਖੀ ਵਿਸ਼ੇਸ਼ ਆਰ.ਟੀ.ਆਈ.
ਚੰਡੀਗੜ੍ਹ, 18 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੋਕ-ਪੱਖੀ ਵਿਸ਼ੇਸ਼ ਆਰ.ਟੀ.ਆਈ. ਹੈਲਪਲਾਈਨ ਨੰਬਰ ਲਾਂਚ ਕੀਤਾ ਜੋ ਸੂਬੇ ਦੇ ਲੋਕਾਂ ਦੀਆਂ ਸੂਚਨਾ ਅਧਿਕਾਰ ਕਾਨੂੰਨ ਸਬੰਧੀ ਸਵਾਲਾਂ ਦਾ ਇਕ ਸਾਧਾਰਣ ਫ਼ੋਨ ਕਾਲ ਰਾਹੀਂ ਫੌਰੀ ਜਵਾਬ ਦੇਵੇਗਾ। ਹੈਲਪਲਾਈਨ ਨੰਬਰ (+91-172-2864100) ਨਾਲ ਨਵਾਂ ਹੈਲਪਲਾਈਨ ਨੰਬਰ ਆਰ.ਟੀ.ਆਈ. ਐਕਟ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ ਜੋ ਆਰ.ਟੀ.ਆਈ. ਬਾਰੇ ਪ੍ਰਸ਼ਨਾਂ ਦੀ ਵਧਦੀ ਗਿਣਤੀ ਨੂੰ ਜਲਦੀ ਹੱਲ ਕਰਨ ਅਤੇ ਨਾਗਰਿਕਾਂ ਦੇ ਮਨਾਂ ਵਿਚ ਸਾਰੇ ਸ਼ੰਕਿਆਂ ਨੂੰ ਸ਼ਪੱਸ਼ਟ ਕਰ ਦੇਵੇਗਾ।
ਮੁੱਖ ਮੰਤਰੀ ਨੇ ਇਸ ਪਹਿਲ ਨੂੰ ਆਪਣੀ ਸਰਕਾਰ ਵਲੋਂ ਪਾਰਦਰਸ਼ਤਾ ਨੂੰ ਵਧਾਉਣ ਅਤੇ ਹਰੇਕ ਪੱਧਰ 'ਤੇ ਸਰਕਾਰੀ ਕੰਮਕਾਰ ਵਿਚ ਵਧੇਰੇ ਕਾਰਜਕੁਸ਼ਲਤਾ ਲਿਆਉਣ ਦੇ ਠੋਸ ਯਤਨਾਂ ਨੂੰ ਹੁਲਾਰਾ ਦੇਣ ਵਾਲੀ ਦਸਦਿਆਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਨਾਲ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 (1) (ਏ) ਵਿਚ ਆਜ਼ਾਦੀ ਨਾਲ ਗੱਲ ਕਹਿਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਮਿਲੇ ਮੌਲਿਕ ਅਧਿਕਾਰ ਦਾ ਪੂਰਾ ਲਾਭ ਲੈਣ ਵਿਚ ਮਦਦ ਮਿਲੇਗੀ। ਇਹ ਹੈਲਪਲਾਈਨ ਨੰਬਰ ਸਾਰੇ ਕੰਮਕਾਜੀ ਦਿਨਾਂ (ਸੋਮਵਾਰ ਤੋਂ ਸ਼ੁਕਰਵਾਰ ਤਕ) ਵਿਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਪਹੁੰਚ ਯੋਗ ਹੋਵੇਗਾ।