
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਾਲ 2022 ਤਕ ਪੰਜਾਬ ਸਾਰੇ ਪੇਂਡੂ
ਚੰਡੀਗੜ੍ਹ, 18 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਾਲ 2022 ਤਕ ਪੰਜਾਬ ਸਾਰੇ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ 100 ਫ਼ੀ ਸਦੀ ਪੀਣ ਵਾਲੇ ਸਾਫ਼ ਪਾਣੀ ਦੇ ਕੁਨੈਕਸ਼ਨ ਮੁਹਈਆ ਕਰਵਾਉਣ ਲਈ ਤਿਆਰ ਹੈ ਅਤੇ ਇਨ੍ਹਾਂ ਵਿਚ 50 ਫ਼ੀ ਸਦੀ ਘਰਾਂ ਵਿਚ ਪਹਿਲਾਂ ਹੀ ਵਿਅਕਤੀਗਤ ਘਰੇਲੂ ਕੁਨੈਕਸ਼ਨ ਸ਼ਾਮਲ ਹਨ।
ਕੇਂਦਰੀ ਜਲ ਸ਼ਕਤੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵੀਡੀਉ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਕ ਅਪ੍ਰੈਲ, 2020 ਤਕ 1634 ਢਾਣੀਆਂ ਜਿਥੇ ਧਰਤੀ ਹੇਠਲਾ ਪਾਣੀ ਪ੍ਰਭਾਵਿਤ ਪਾਇਆ ਗਿਆ, ਵਿਚੋਂ 477 ਵਿਚ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਇਆ ਜਾ ਚੁੱਕਾ ਹੈ। ਪੰਜਾਬ ਸਰਕਾਰ ਦੇ ਟੀਚੇ ਦੀ ਲੀਹ 'ਤੇ ਮਾਰਚ, 2022 ਤਕ ਪੇਂਡੂ ਖੇਤਰ ਦੇ ਹਰੇਕ ਘਰ ਨੂੰ ਪਾਈਪ ਰਾਹੀਂ ਜਲ ਕੁਨੈਕਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਜੋ ਕੇਂਦਰ ਸਰਕਾਰ ਵਲੋਂ ਕਿਆਸੇ ਜਲ ਜੀਵਨ ਮਿਸ਼ਨ ਤੋਂ ਵੀ ਪਹਿਲਾਂ ਹੋਵੇਗਾ।
ਇਸ ਦਿਸ਼ਾ ਵਿੱਚ ਸੂਬੇ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਮੁੱਖ ਮੰਤਰੀ ਨੇ ਟਰੀਟਮੈਂਟ ਪਲਾਂਟਾਂ ਦੇ ਨਾਲ-ਨਾਲ ਸ਼ੁੱਧੀਕਰਨ ਸਾਧਨਾਂ 'ਤੇ ਜੀ.ਐਸ.ਟੀ. 18 ਫ਼ੀ ਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮੰਗ ਕੀਤੀ ਤਾਂ ਕਿ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਨੂੰ ਲੰਮੇ ਸਮੇਂ ਤੱਕ ਟਿਕਾਊ ਬਣਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਟਰੀਟਮੈਂਟ ਪਲਾਂਟਾਂ ਨੂੰ ਹਰੇਕ 2-3 ਸਾਲਾਂ ਵਿਚ ਬਦਲਣ ਦੀ ਲੋੜ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਕੰਢੀ ਖੇਤਰ ਦੇ 1449 ਪਿੰਡਾਂ ਨੂੰ 'ਪਹਾੜੀ ਖੇਤਰ' ਵਜੋਂ ਮਾਨਤਾ ਦਿੱਤੀ ਜਾਵੇ ਜਿਸ ਨਾਲ ਜਲ ਜੀਵਨ ਮਿਸ਼ਨ ਤਹਿਤ ਨਿਰਮਾਣ ਲਈ ਲਾਭਪਾਤਰੀ ਦਾ ਹਿੱਸਾ 10 ਫੀਸਦੀ ਤੋਂ ਘਟ ਕੇ 5 ਫੀਸਦੀ ਰਹਿ ਜਾਵੇਗਾ।