
ਪ੍ਰਸ਼ਾਸਨ ਸੰਭਾਲ ਨਹੀਂ ਕਰ ਸਕਦਾ ਤਾਂ ਸ਼੍ਰੋਮਣੀ ਕਮੇਟੀ ਨੂੰ ਦੇਵੇ ਜ਼ਿੰਮੇਵਾਰੀ : ਨਵਤੇਜ ਸਿੰਘ ਕਾਉਣੀ
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ) : ਸ੍ਰੀ ਹਜ਼ੂਰ ਸਾਹਿਬ ਤੇ ਹੋਰ ਵੱਖ-ਵੱਖ ਸੂਬਿਆਂ ਤੋਂ ਆਏ ਸ਼ਰਧਾਲੂਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕਰੋਨਾ ਸੈਂਟਰ 'ਚ ਆਈਸੋਲੇਟ ਕੀਤਾ ਗਿਆ। ਬੀਤੇ ਦਿਨੀਂ ਇਕ ਵੀਡੀਉ ਵਾਇਰਲ ਕਰ ਕੇ ਸ਼ਰਧਾਲੂਆਂ ਵਲੋਂ ਪ੍ਰਸ਼ਾਸਨ 'ਤੇ ਦੋਸ਼ ਲਗਾਏ ਗਏ ਕਿ ਉਨ੍ਹਾਂ ਨੂੰ ਜੋ ਖਾਣਾ ਦਿਤਾ ਜਾ ਰਿਹਾ ਹੈ ਉਹ ਸਹੀ ਢੰਗ ਨਾਲ ਨਹੀਂ ਦਿਤਾ ਜਾਂਦਾ ਤੇ ਉਸ ਖਾਣੇ ਦੀ ਪੈਕਿੰਗ ਸ਼ਰਾਬ ਵਾਲੇ ਖਾਲੀ ਡੱਬਿਆਂ 'ਚ ਪਾ ਕੇ ਕੀਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਤੇ ਹੋਰ। (ਸੰਜੂ)
ਕੋਵਿਡ-19 ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਨੂੰ ਚੰਗਾ ਖਾਣਾ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਥੇ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਜੇਕਰ ਸਰਕਾਰ ਤੇ ਪ੍ਰਸ਼ਾਸਨ ਤੋਂ ਖਾਣਾ ਨਹੀਂ ਦਿਤਾ ਜਾਂਦਾ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਸ਼ਰਧਾਲੂਆਂ ਨੂੰ ਮਰਿਆਦਾ ਅਨੁਸਾਰ ਸਹੀ ਖਾਣਾ ਦਿਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਐਡੀਸ਼ਨਲ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਬਲਦੇਵ ਸਿੰਘ, ਜਗਵੰਤ ਸਿੰਘ ਲੰਬੀ ਕੋਆਰਡੀਨੇਟਰ, ਯੂਥ ਆਗੂ ਧਰਮਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ ਹਸਪਤਾਲ 'ਚੋਂ ਵਾਇਰਲ ਹੋਈ ਇਕ ਵੀਡੀਉ 'ਚ ਸ਼ਰਧਾਲੂਆਂ ਵਲੋਂ ਪ੍ਰਸ਼ਾਸਨ 'ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਪਿਛਲੇ 4-5 ਦਿਨਾਂ ਤੋਂ ਲਗਾਤਾਰ ਸ਼ਰਾਬ ਦੇ ਖਾਲੀ ਡੱਬਿਆਂ 'ਚ ਰੋਟੀ ਪੈਕ ਕਰ ਕੇ ਭੇਜੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਤੇ ਧਾਰਮਕ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਵਾਇਰਲ ਆਡੀਉ ਰਾਹੀਂ ਸ਼ਰਧਾਲੂ ਇਹ ਵੀ ਕਹਿ ਰਿਹਾ ਕਿ ਅਸੀਂ ਅੰਮ੍ਰਿਤਧਾਰੀ ਹਾਂ, ਪ੍ਰਸ਼ਾਸਨ 4-5 ਦਿਨਾਂ ਤੋਂ ਸ਼ਰਾਬ ਵਾਲੇ ਡੱਬਿਆਂ 'ਚ ਖਾਣਾ ਭੇਜ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਦੇ ਮਨਾਂ ਨੂੰ ਗਹਿਰੀ ਸੱਟ ਲੱਗੀ ਹੈ।
ਕੀ ਕਹਿਣਾ ਹੈ ਏਡੀਸੀ ਦਾ : ਇਸ ਸਬੰਧੀ ਜਦੋਂ ਏਡੀਸੀ ਸੰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਖਾਣਾ ਪੈਕ ਕਰ ਕੇ ਭੇਜ ਰਹੇ ਹਨ ਉਨ੍ਹਾਂ 'ਚੋਂ ਕਿਸੇ ਵਿਅਕਤੀ ਨੇ ਖਾਣਾ ਪੈਕ ਕਰ ਕੇ ਡੱਬਿਆਂ 'ਚ ਭੇਜਿਆ ਹੈ ਪਰ ਇਹ ਖਾਲੀ ਗੱਤੇ ਦੇ ਡੱਬੇ ਸਨ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਅੱਗੇ ਤੋਂ ਇਸ ਗੱਲ ਵਲ ਖਾਸ ਧਿਆਨ ਦੇਣੇਗੇ।
ਕੀ ਕਹਿਣਾ ਹੈ ਸਿਵਲ ਸਰਜਨ ਦਾ : ਇਸ ਸਬੰਧੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜਦ ਧਿਆਨ 'ਚ ਆਇਆ ਤਾਂ ਉਨ੍ਹਾਂ ਇਹ ਮਾਮਲਾ ਤੁਰਤ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਆ ਦਿਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਡੱਬਿਆਂ 'ਚ ਖਾਣਾ ਪੈਕ ਕਰ ਕੇ ਨਾ ਭੇਜਣ ਦਿਤਾ ਜਾਵੇ।