 
          	ਬੇਨਿਯਮੀ ਭਰਤੀ ਮਾਮਲੇ ਵਿਚ ਘਿਰੀ ਬੀਬੀ ਜਗੀਰ ਕੌਰ ਅਸਤੀਫ਼ਾ ਦੇਵੇ : ਪ੍ਰੋ. ਸਰਚਾਂਦ ਸਿੰਘ
ਅਪਣੇ ਭਣੇਵੇਂ ਦੀ ਹੈੱਡ ਰਾਗੀ ਵਜੋਂ ਪਦ-ਉਨਤੀ ਭਰਤੀ ਕਰਨ ਪ੍ਰਤੀ ਜਾਂਚ ਦੀ ਦਿਤੀ ਚੁਨੌਤੀ
ਅੰਮ੍ਰਿਤਸਰ, 18 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਵਿਚ ਸਿੱਧੀ ਭਰਤੀ ਦੇ ਮਾਮਲੇ ਵਿਚ ਬੀਬੀ ਜਗੀਰ ਕੌਰ ਵਲੋਂ ਸੰਗਤ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂ ਪ੍ਰੋ: ਸਰਚਾਂਦ ਸਿੰਘ ਨੇ ਬੇਨਿਯਮੀਆਂ ’ਚ ਘਿਰੀ ਬੀਬੀ ਜਗੀਰ ਕੌਰ ਤੋਂ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਮੰਗਦਿਆਂ ਉੱਚ ਪਧਰੀ ਨਿਰਪੱਖ ਜਾਂਚ ਪੜਤਾਲ ਦਾ ਸਾਹਮਣਾ ਕਰਨ ਦੀ ਚੁਨੌਤੀ ਦਿਤੀ ਹੈ। 
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਵਲੋਂ ਬੀਬੀ ਜਗੀਰ ਕੌਰ ’ਤੇ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਦੀ ਭਰਤੀ ਮਾਮਲੇ ਵਿਚ ਬੇਨਿਯਮੀਆਂ ਦੇ ਲਗਾਏ ਗਏ ਗੰਭੀਰ ਦੋਸ਼ਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਪਣੇ ਭਾਣਜੇ ਨੂੰ  ਦੋ ਮਹੀਨੇ ਪਹਿਲਾਂ ਜੋੜੀ ਤੇ ਸਹਾਇਕ ਅਤੇ ਫਿਰ ਇਕ ਮਹੀਨੇ ਬਾਅਦ ਹੀ ਗੁ: ਸੁਖਚੈਆਣਾ ਸਾਹਿਬ ਫਗਵਾੜਾ ਵਿਖੇ ਹੈੱਡ ਰਾਗੀ ਵਜੋਂ ਪਦ ਉਨਤ ਕਰਨ ਅਤੇ ਆਪ ਦੇ ਇਕ ਨਜ਼ਦੀਕੀ ਅਧਿਕਾਰੀ ਦੇ ਭਤੀਜੇ ਨੂੰ ਸ਼੍ਰੋਮਣੀ ਕਮੇਟੀ ਵਿਚ ਸੁਪਰਵਾਈਜ਼ਰ ਦੀ ਅਹਿਮ ਅਸਾਮੀ ਤੇ ਹਾਲ ਹੀ ਵਿਚ ਭਰਤੀ ਕਰਨ ਪ੍ਰਤੀ ਨਿਰਪੱਖ ਜਾਂਚ ਕਰਵਾਉਣ ’ਤੇ ਸਾਰਾ ਸੱਚ ਸੰਗਤ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਪ੍ਰਧਾਨ ਨੂੰ ਸੰਗਤ ਪ੍ਰਤੀ ਜਵਾਬ ਦੇ ਹੋਣ ਲਈ ਕਿਹਾ ਅਤੇ ਸਵਾਲ ਕੀਤਾ ਕਿ ਉਕਤ ਸੁਪਰਵਾਈਜ਼ਰ ਵਰਗੀ ਅਹਿਮ ਅਸਾਮੀ ਲਈ ਭਰਤੀ ਕਿਨ੍ਹਾਂ ਨਿਯਮਾਂ ਅਧੀਨ ਕੀਤੀ ਗਈ? ਕੀ ਕੋਈ ਇਸ਼ਤਿਹਾਰ ਦਿਤਾ ਗਿਆ? ਜੇ ਦਿਤਾ ਗਿਆ ਤਾਂ ਕਿਸ ਦਿਨ ਤੇ ਕਿਸ ਅਖ਼ਬਾਰ ਵਿਚ ਦਿਤਾ ਗਿਆ? ਕਿਸ ਕਮੇਟੀ ਨੇ ਚੋਣ ਪ੍ਰਕ੍ਰਿਆ ਪੂਰੀ ਕੀਤੀ? 
ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮ ਭਰਤੀ ਕਰਨ ਵਿਰੁਧ ਨਹੀਂ ਹਨ ਪਰ ਜਿਥੇ ਕਈ ਲੋਕ ਸਾਲਾਂ ਬਦੀ ਕੱਚੇ ਮੁਲਾਜ਼ਮ ਭਰਤੀ ਹੋਣ ਅਤੇ ਕਈ ਪਦ ਉੱਨਤੀ ਲਈ ਤਰਲੇ ਲੈ ਰਹੇ ਹੋਣ ਉੱਥੇ ਅਪਣੇ ਨਜ਼ਦੀਕੀਆਂ ਦੇ ਰਿਸ਼ਤੇਦਾਰਾਂ ਨੂੰ ਾਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਲਾਭ ਪਹੁੰਚਾਉਣਾ ਕੀ ਨਿਯਮਾਂ ਦੇ ਉਲਟ ਨਹੀਂ? 
 
                     
                
 
	                     
	                     
	                     
	                     
     
     
                     
                     
                     
                     
                    