
ਸੂਬੇ ਨੇ ਆਕਸੀਜਨ ਦੀ ਖ਼ਰੀਦ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਸੁਚਾਰੂ ਬਣਾਉਣ ਲਈ ਮਾਰਕਫੈੱਡ ਦੀਆਂ ਸੇਵਾਵਾਂ ਲਈਆਂ
ਚੰਡੀਗੜ੍ਹ: ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਸਪਲਾਈ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪੰਜਾਬ ਦੀ ਦੂਜੀ ਆਕਸੀਜਨ ਐਕਸਪ੍ਰੈਸ, ਹਜ਼ੀਰਾ ਤੋਂ ਚੱਲ ਕੇ 19 ਮਈ ਅੱਜ ਸ਼ਾਮ ਨੂੰ ਬਠਿੰਡਾ ਪਹੁੰਚ ਜਾਵੇਗੀ। ਇਸ ਵਿੱਚ 30 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਲਿਆਂਦੀ ਜਾ ਰਹੀ ਹੈ । ਇਸ ਨਾਲ ਪੰਜਾਬ ਦੇ ਦੱਖਣੀ ਹਿੱਸਿਆਂ ਵਿੱਚ ਇਸ ਜੀਵਨ ਰੱਖਿਅਕ ਆਕਸੀਜਨ ਦੀ ਉਲਬਧਤਾ ਵਿੱਚ ਤੇਜ਼ੀ ਆਵੇਗੀ ।
Oxygen
ਇਹ ਪ੍ਰਗਟਾਵਾ ਕਰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਆਕਸੀਜਨ ਦੀ ਘਾਟ ‘ਤੇ ਕਾਬੂ ਪਾ ਲਿਆ ਹੈ ਅਤੇ ਕੋਵਿਡ ਮਰੀਜ਼ਾਂ ਨੂੰ ਲੋੜੀਂਦੀ ਅਤੇ ਨਿਰਵਿਘਨ ਮੈਡੀਕਲ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਸਾਰੇ ਸੰਭਵ ਸਰੋਤਾਂ ਨੂੰ ਜੁਟਾਇਆ ਗਿਆ ਹੈ।
Coronavirus
ਵਿਭਾਗ ਵਲੋਂ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਅਤਿ- ਲੋੜੀਂਦੀ ਆਕਸੀਜਨ ਦੀ ਸਪਲਾਈ ਨੂੰ ਹੋਰ ਸੁਚਾਰੂ ਬਨਾਉਣ ਲਈ ਮਾਰਕਫੈੱਡ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਫਿਲੌਰ ਤੱਕ ਚਲਾਈ ਗਈ ਸੀ ਜੋ ਕਿ ਹੁਣ ਨਿਰੰਤਰ ਰੂਪ ਵਿੱਚ ਪੰਜਾਬ ਲਈ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਸਪਲਾਈ ਕਰਦੀ ਹੈ। ਇਹ ਆਕਸੀਜਨ ਪੰਜਾਬ ਦੇ ਕੇਂਦਰੀ ਅਤੇ ਉੱਤਰੀ ਭਾਗਾਂ ਵਿੱਚ ਵੰਡੀ ਜਾ ਰਹੀ ਹੈ।
Photo
ਮਰੀਜ਼ਾਂ ਨੂੰ ਮਿਆਰੀ ਸਿਹਤ ਸਿਹੂਲਤਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਤਿਵਾੜੀ ਨੇ ਕਿਹਾ ਕਿ ਦੂਜੀ ਰੇਲ ਗੱਡੀ ਅੱਜ ਸ਼ਾਮ ਬਠਿੰਡਾ ਆ ਜਾਵੇਗੀ ਅਤੇ ਸਬੰਧਤ ਡਿਪਟੀ ਕਮਿਸ਼ਨਰ ਨੂੰ ਆਕਸੀਜਨ ਦੀ ਖੇਪ ਉਪਲਬਧ ਹੋ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਅਸੀਂ ਢੁਕਵੀਂ ਯੋਜਨਾਬੰਦੀ ਅਤੇ ਸਾਰੇ ਸੰਭਵ ਸਰੋਤਾਂ ਤੋਂ ਡਾਕਟਰੀ ਸਪਲਾਈ ਨੂੰ ਯਕੀਨੀ ਬਣਾਉਣ ‘ਤੇ ਕੰਮ ਕਰ ਰਹੇ ਹਾਂ ਅਤੇ ਸੂਬਾ ਸਰਕਾਰ ਹੁਣ ਕੇਂਦਰ ਸਰਕਾਰ ‘ਤੇ ਟੈਂਕਰਾਂ ਦੇ ਕੋਟੇ ਨੂੰ ਵਧਾਉਣ ਲਈ ਵੀ ਜ਼ੋਰ ਪਾ ਰਹੀ ਹੈ।
ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਹਰ ਮਰੀਜ਼ ਲਈ ਲੋੜੀਂਦਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਪੂਰੀ ਸੁਹਿਰਦ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਲੋਕਾਂ ਨੂੰ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।