
ਸੁਖਬੀਰ ਬਾਦਲ ਨੇ ਕਿਹਾ ਠੀਕਰੀ ਪਹਿਰੇ ਜਾਂ ਨਾਕੇ ਲਾਉਣ ਨਾਲ ਕੋਈ ਫਰਕ ਨਹੀਂ ਪੈਣਾ
ਬਠਿੰਡਾ (ਵਿਕਰਮ ਕੁਮਾਰ): ਪੰਜਾਬ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਅੰਕੜਿਆਂ ਨੇ ਹਾਹਾਕਾਰ ਮਚਾਈ ਹੋਈ ਹੈ। ਆਕਸੀਜਨ ਦੀ ਕਮੀ ਕਾਰਨ ਅਨੇਕਾਂ ਲੋਕ ਜਾਨਾਂ ਗੁਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਹਾਲਾਤਾਂ ਲਈ ਮੌਜੂਦਾ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਕਿਹਾ ਕਿ ਅੱਜ ਹਾਲਾਤ ਬਹੁਤ ਖ਼ਰਾਬ ਹਨ, ਪੰਜਾਬ ਸਰਕਾਰ ਨੂੰ ਇਸ ਦੀ ਕੋਈ ਫ਼ਿਕਰ ਨਹੀਂ। ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ, 'ਕੁਰਸੀ ਦੀ ਲੜਾਈ ਨਹੀਂ, ਆਕਸੀਜਨ ਦੀ ਲੜਾਈ ਲੜੋ'।
Sukhbir Badal
ਉਹਨਾਂ ਕਿਹਾ ਵੈਂਟੀਲੇਟਰ, ਦਵਾਈਆਂ ਤੇ ਆਕਸੀਜਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ। ਠੀਕਰੀ ਪਹਿਰੇ ਜਾਂ ਨਾਕੇ ਲਾਉਣ ਨਾਲ ਕੋਈ ਫਰਕ ਨਹੀਂ ਪੈਣਾ, ਆਕਸੀਜਨ ਤੇ ਮਸ਼ੀਨਾਂ ਦਾ ਪ੍ਰਬੰਧ ਕਰੋ। ਮੁੱਖ ਮੰਤਰੀ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਤਾਂ ਹੁਣ ਦੋਨੋਂ ਟੀਕੇ ਲੱਗ ਚੁੱਕੇ ਹਨ, ਘਰੋਂ ਬਾਹਰ ਨਿਕਲੋ। ਆਉਣ ਵਾਲੇ ਦਿਨਾਂ ਵਿਚ ਕੰਪਨੀ ਐਸਜੀਪੀਸੀ ਨੂੰ 50 ਹਜ਼ਾਰ ਟੀਕੇ ਤਿਆਰ ਕਰਕੇ ਦੇਵੇਗੀ, ਅਜਿਹਾ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ’।
Captain Amarinder Singh
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਵਿਚ 200-250 ਬਲਾਕ ਹਨ, ਇਕ ਹਫ਼ਤੇ ਅੰਦਰ 250 ਬਲਾਕਾਂ ਵਿਚ 25 ਬੈੱਡ ਦਾ ਕੋਵਿਡ ਕੇਅਰ ਸੈਂਟਰ ਖੁੱਲ੍ਹ ਸਕਦਾ ਹੈ, ਜਿੱਥੇ ਅਜਿਹੀਆਂ ਮਸ਼ੀਨਾਂ ਲਗਾ ਕੇ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੁਝ ਵੀ ਅਫਸਰਾਂ ’ਤੇ ਨਾ ਛੱਡੋ, ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ, ਤੁਸੀਂ ਖੁਦ ਦੇਖੋ। ਪ੍ਰਾਈਵੇਟ ਹਸਪਤਲਾਂ ਵਿਚ ਹੋ ਰਹੀ ਲੁੱਟ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ।
Sukhbir Badal
ਸੁਖਬੀਰ ਬਾਦਲ ਨੇ ਕਿਹਾ ਜੇਕਰ ਸਾਨੂੰ ਮੌਕਾ ਮਿਲਦਾ ਤਾਂ ਪੰਜਾਬ ਵਿਚ ਸਾਰੇ ਸਰਕਾਰੀ ਹਸਪਤਾਲ ਇਕ ਨੰਬਰ ਬਣਾ ਦੇਵਾਂਗੇ, ਇਹ ਕੋਈ ਔਖਾ ਕੰਮ ਨਹੀਂ। ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਕਮੀਂ ਰਹਿ ਗਈ, ਸਾਨੂੰ ਹੁਣ ਪਤਾ ਲੱਗ ਰਿਹਾ ਕਿ ਕਿੰਨਾ ਨੁਕਸਾਨ ਹੋ ਰਿਹਾ। ਨਵਜੋਤ ਸਿੱਧੂ ਵੱਲੋਂ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ 'ਤੇ ਸਾਧੇ ਜਾ ਰਹੇ ਨਿਸ਼ਾਨੇ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਕਰਦਾ ਹਾਂ ਇਹ ਸਮਾਂ ਲੜਨ ਦਾ ਨਹੀਂ ਹੈ।
Oxygen
ਕੁਰਸੀ ਦੀ ਲੜਾਈ ਨਹੀਂ ਆਕਸੀਜਨ ਦੀ ਲੜਾਈ ਲੜੋ, ਹਸਪਤਾਲ ਬੈੱਡ ਦੀ ਲੜਾਈ ਲੜੋ, ਦਵਾਈਆਂ ਦੀ ਲੜਾਈ ਲੜੋ, ਆਹ ਸਾਰੇ ਕੁਰਸੀ ਦੀ ਲੜਾਈ 'ਤੇ ਲੱਗੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਸੂਬਾ ਸਰਕਾਰ ਅਤੇ ਸਮੂਹ ਪੰਜਾਬੀਆਂ ਨੂੰ ਹੋਰ ਗੰਭੀਰ ਹੋਣ ਦੀ ਅਪੀਲ ਕੀਤੀ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਠਿੰਡਾ ਵਿਖੇ ਸ਼ਹਿਰ ਵਾਸੀਆਂ ਲਈ 15 ਆਕਸੀਜਨ ਕੰਸਟ੍ਰੇਟਰ ਦਾਨ ਕਰਨ ਪਹੁੰਚੇ ਸਨ।