
ਜੇਲ੍ਹਾਂ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਨਫ਼ਰੀ ਵਧਾਈ ਜਾਵੇ : ਜੇਲ੍ਹ ਮੰਤਰੀ
ਚੰਡੀਗੜ੍ਹ: ਸੂਬੇ ਦੀਆਂ ਜੇਲ੍ਹਾਂ ਨੂੰ ਅਸਲ ਅਰਥਾਂ ਵਿੱਚ ‘ਸੁਧਾਰ ਘਰ’ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਪੂਰੀ ਤਰਾਂ ਨਾਲ ਬੰਦ ਕਰਨ ਅਤੇ ਜੇਲ੍ਹ ਦੇ ਅੰਦਰ ਚੱਲ ਰਹੇ ਮੋਬਾਈਲਾਂ ਬਾਰੇ ਪਤਾ ਲਗਾਉਣ ਲਈ ਨਵੀਨਤਮ ਤਕਨਾਲੋਜੀ ਵਰਤਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ ।
Harjot Bains Meeting With Jail Department Officials
ਇੱਥੇ ਪੰਜਾਬ ਭਵਨ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਜੇਲ੍ਹਾਂ ਵਿੱਚ ਨਫ਼ਰੀ (ਮੈਨ ਪਾਵਰ) ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਜੇਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੂੰ ਜੇਲ੍ਹਾਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕੈਦੀਆਂ ਦੀ ਨਕੇਲ ਕੱਸਣ ਲਈ ਵਾਧੂ ਪੁਲਿਸ ਕਰਮੀ ਤਾਇਨਾਤ ਕਰਨ ਲਈ ਕਿਹਾ।
Harjot Bains Meeting With Jail Department Officials
ਮੰਤਰੀ ਨੇ ਕਿਹਾ, “ਜੇਲ੍ਹਾਂ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਗਠਜੋੜ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਇੱਕ ਨਿਰਧਾਰਤ ਸਮੇਂ ‘ਚ ਜੇਲ੍ਹਾਂ ਵਿੱਚੋਂ ਸਭ ਤੋਂ ਵੱਧ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਭਵਿੱਖ ਵਿੱਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜੇਲ੍ਹਾਂ ਦੇ ਅੰਦਰੋਂ ਇੱਕ ਵੀ ਗੈਰ-ਕਾਨੂੰਨੀ ਗਤੀਵਿਧੀ ਨਾ ਕੀਤੀ ਜਾ ਸਕੇ।”
Harjot Bains Meeting With Jail Department Officials
ਜ਼ਿਕਰਯੋਗ ਹੈ ਕਿ ਇੱਕ ਭਾਰਤੀ ਆਈ.ਟੀ./ਕਮਿਊਨੀਕੇਸ਼ਨ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਮ.ਏ.ਪੀ.ਐੱਲ. ਨੇ ਪੇਸ਼ਕਾਰੀ ਦਿੱਤੀ ਅਤੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੀ.ਓ ਮੈਪਿੰਗ ਰਾਹੀਂ ਜੇਲ੍ਹਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਜੀ.ਓ ਫੈਨਸਿੰਗ ਅਤੇ ਤਕਨਾਲੋਜੀ ਰਾਹੀਂ ਮੋਬਾਈਲ, ਵਟਸਐਪ ਅਤੇ ਹੋਰ ਕਾਲਾਂ ਦੇ ਸਿਗਨਲ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤਕਨਾਲੋਜੀ ਰਾਹੀਂ ਰੀਅਲ ਟਾਈਮ ਡਾਟਾ ਤਿਆਰ ਕੀਤਾ ਜਾਂਦਾ ਹੈ। ਮੋਬਾਈਲ ਫੋਨ ਉਪਭੋਗਤਾਵਾਂ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਕਾਲ ਨੂੰ ਤੁਰੰਤ ਬਲੌਕ ਕੀਤਾ ਜਾ ਸਕੇਗਾ। ਮੀਟਿੰਗ ਵਿੱਚ ਏ.ਡੀ.ਜੀ.ਪੀ. ਜੇਲ੍ਹਾਂ ਵਰਿੰਦਰ ਕੁਮਾਰ, ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ ਅਤੇ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।