
ਉਤਰੀ ਕੋਰੀਆ ’ਚ ਬੁਖ਼ਾਰ ਦੇ 2 ਲੱਖ ਤੋਂ ਵਧੇਰੇ ਨਵੇਂ ਮਾਮਲੇ ਦਰਜ, ਛੇ ਹੋਰ ਮੌਤਾਂ
ਸਿਉਲ, 18 ਮਈ : ਉਤਰੀ ਕੋਰੀਆ ਵਿਚ ਬੁੱਧਵਾਰ ਨੂੰ ਬੁਖ਼ਾਰ ਦੇ 2,32,880 ਨਵੇਂ ਮਾਮਲੇ ਸਾਹਮਣੇ ਆਏ ਅਤੇ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਨੇਤਾ ਕਿਮ ਜੋਂਗ-ਉਨ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਵਧਦੇ ਪ੍ਰਕੋਪ ਨਾਲ ਨਜਿੱਠਣ ਵਿੱਚ ਅਧਿਕਾਰੀਆਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ। ਉਤਰੀ ਕੋਰੀਆ ਦੇ ਐਂਟੀ-ਵਾਇਰਸ ਹੈੱਡਕੁਆਰਟਰ ਨੇ ਦਸਿਆ ਕਿ ਅਪ੍ਰੈਲ ਦੇ ਅਖੀਰ ਤੋਂ 17 ਲੱਖ ਲੋਕਾਂ ਨੂੰ ਬੁਖ਼ਾਰ ਹੋ ਚੁਕਾ ਹੈ, ਜਿਨ੍ਹਾਂ ਵਿਚੋਂ ਘਟੋ ਘੱਟ 6,91,170 ਲੋਕ ਅਜੇ ਵੀ ਇਕੱਲਤਾ ਵਿਚ ਰਹਿ ਰਹੇ ਹਨ। ਉਥੇ ਇਸ ਬੁਖ਼ਾਰ ਕਾਰਨ ਹੁਣ ਤਕ 62 ਲੋਕਾਂ ਦੀ ਮੌਤ ਹੋ ਚੁਕੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਉਤਰੀ ਕੋਰੀਆ ਕੋਲ ਉਚਿਤ ਟੈਸਟਿੰਗ ਪ੍ਰਣਾਲੀਆਂ ਦੀ ਘਾਟ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਲਾਗ ਦੇ ਮਾਮਲੇ ਹਨ ਜਾਂ ਨਹੀਂ। ਉਤਰੀ ਕੋਰੀਆ ਦੀ ਮਾੜੀ ਸਿਹਤ ਪ੍ਰਣਾਲੀ ਦੇ ਕਾਰਨ ਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਅਸਫ਼ਲ ਰਹਿਣਾ ਉਸ ਦੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। 26 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ ਹਨ। ਉਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਅਨੁਸਾਰ ਕਿਮ ਨੇ ਸੱਤਾਧਾਰੀ ਕੋਰੀਆਈ ਵਰਕਰਜ਼ ਪਾਰਟੀ ਦੀ ਪੋਲਿਟ ਬਿਊਰੋ ਦੀ ਮੀਟਿੰਗ ਵਿਚ ਅਧਿਕਾਰੀਆਂ ਦੁਆਰਾ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸੰਕਟ ਨਾਲ ਨਜਿੱਠਣ ਵਿਚ ਲਾਪਰਵਾਹੀ ਦੀ ਗੱਲ ਕੀਤੀ ਅਤੇ ਮੌਜੂਦਾ ਸਥਿਤੀ ਦਾ ਕਾਰਨ ਅਧਿਕਾਰੀਆਂ ਦੇ ਲਾਪਰਵਾਹੀ ਵਾਲੇ ਰਵਈਏ ਨੂੰ ਦਸਿਆ। ਉਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਸਮਰਥਤ ‘ਕੋਵੈਕਸ’ ਵੈਕਸੀਨ ਵੰਡ ਪ੍ਰੋਗਰਾਮ ਤੋਂ ਮਦਦ ਲੈਣ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿਤਾ ਸੀ। ਉੱਤਰੀ ਕੋਰੀਆ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਦੇ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਵੀਰਵਾਰ ਨੂੰ ਸੰਕਰਮਣ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ। (ਏਜੰਸੀ)