
ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਪਤੀ ਅਤੇ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਪਰਚਾ
Kapurthala News : ਕਪੂਰਥਲਾ ਦੀ ਸਬ ਡਿਵੀਜ਼ਨ ਫਗਵਾੜਾ 'ਚ ਆਪਣੇ ਭਰਾ ਨੂੰ ਮਿਲ ਕੇ ਆਈ ਇੱਕ ਮਹਿਲਾ ਨਾਲ ਉਸਦੇ ਪਤੀ ਅਤੇ ਸੱਸ ਨੇ ਦਾਜ ਨੂੰ ਲੈ ਕੇ ਕੁੱਟਮਾਰ ਕੀਤੀ ਹੈ। ਇਸ ਮਾਮਲੇ 'ਚ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਪਤੀ ਅਤੇ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਸਿਟੀ ਥਾਣਾ ਫਗਵਾੜਾ ਦੇ ਐਸਐਚਓ ਜਤਿੰਦਰ ਕੁਮਾਰ ਨੇ ਕੀਤੀ ਹੈ।
ਜਾਣਕਾਰੀ ਅਨੁਸਾਰ ਅਲੀਸਾ ਡਾਬਰ ਪਤਨੀ ਜੈ ਕੁਕਰੇਜਾ ਪੁੱਤਰੀ ਹਰਵਿੰਦਰ ਕੁਮਾਰ ਵਾਸੀ ਨਿਊ ਮਾਡਲ ਟਾਊਨ ਫਗਵਾੜਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਵਾਪਸ ਘਰ ਗਈ ਤਾਂ ਉਸ ਦੇ ਪਤੀ ਜੈ ਕੁਕਰੇਜਾ ,ਸੱਸ ਮੇਘਾ ਅਤੇ ਨੰਨਦ ਉਸਨੂੰ ਬਿਨਾਂ ਵਜ੍ਹਾ ਬੋਲਣ ਲੱਗ ਪਏ ਕਿ ਤੂੰ ਦਾਜ ਲੈ ਕੇ ਨਹੀਂ ਆਈ।
ਪਤੀ, ਸੱਸ ਅਤੇ ਨੰਨਦ ਨੇ ਕੀਤੀ ਕੁੱਟਮਾਰ
ਪੀੜਤ ਅਲੀਸਾ ਡਾਬਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਅਤੇ ਸੱਸ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਇਸ ਕੁੱਟਮਾਰ 'ਚ ਉਸ ਦਾ ਪਹਿਨਿਆ ਹੋਇਆ ਟੌਪ ਵੀ ਪਾੜ ਦਿੱਤਾ।
ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ
ਪੁਲਿਸ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਐਸ.ਆਈ ਅਨਵਰ ਮਸੀਹ ਅਨੁਸਾਰ ਅਲੀਸਾ ਨਾਲ ਕੁੱਟਮਾਰ ਦੇ ਮਾਮਲੇ 'ਚ ਉਸ ਦੇ ਪਤੀ ਜੈ ਕੁਕਰੇਜਾ ਪੁੱਤਰ ਅਨਿਲ ਕੁਕਰੇਜਾ ਵਾਸੀ 68ਏ ਗੁਰੂ ਹਰਗੋਬਿੰਦ ਨਗਰ ਅਤੇ ਉਸਦੀ ਸੱਸ ਮੇਘਾ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।