
ਸਿਮਰਜੀਤ ਬੈਂਸ ਮੇਰੇ ਵੱਡੇ ਭਰਾ, ਅਕਸ ਖ਼ਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼
ਲੁਧਿਆਣਾ - ਲੁਧਿਆਣਾ 'ਚ ਅੱਜ (ਐਤਵਾਰ) ਭਾਜਪਾ ਉਮੀਦਵਾਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਾਇਰਲ ਹੋ ਰਹੀ ਆਡੀਓ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤਾ ਹੈ, ਉਹ ਇਸ ਸਬੰਧੀ ਪੁਲਿਸ ਦੇ ਆਈਟੀ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚੋਣਾਂ ਹਨ, ਇਸ ਤਰ੍ਹਾਂ ਦਾ ਕੰਮ ਹੁਣ ਚੱਲਣਾ ਹੀ ਹੈ। ਹਰ ਕਿਸੇ ਕੋਲ ਮੇਰੀ ਆਵਾਜ਼ ਹੈ। ਪਤਾ ਨਹੀਂ ਕੰਪਿਊਟਰ 'ਤੇ ਉਸ ਆਵਾਜ਼ ਦਾ ਕੀ ਬਣਾਉਣਾ ਹੈ। ਇਹ ਕੰਮ ਹੁਣ 10 ਦਿਨ ਚੱਲਣਾ ਹੈ। ਅਸੀਂ ਇਸ ਆਡੀਓ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਵੀ ਸ਼ਿਕਾਇਤ ਕਰਾਂਗੇ। ਇਹ ਗੱਲਾਂ ਕਾਨੂੰਨ ਤੋਂ ਬਾਹਰ ਕਿਉਂ ਹੋ ਰਹੀਆਂ ਹਨ? ਇਹਨਾਂ ਆਡੀਓਜ਼ ਨੂੰ ਚਲਾਉਣ ਦਾ ਮਕਸਦ ਕੀ ਹੈ? ਇਹ ਕੇਸ ਵੱਖਰੇ ਤੌਰ 'ਤੇ ਅੱਗੇ ਵਧਣਗੇ। ਆਈਟੀ ਵਿਭਾਗ ਇਹ ਦੇਖੇਗਾ ਕਿ ਇਸ ਆਡੀਓ ਫਰਾਡ ਨੂੰ ਕਿਸ ਨੇ ਬਣਾਇਆ ਜਾਂ ਚਲਾਇਆ ਹੈ।
ਬਿੱਟੂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਸਾਰੇ ਆਗੂ ਭਾਜਪਾ ਵਿਚ ਸ਼ਾਮਲ ਹੋ ਜਾਣ। ਮੋਦੀ ਜੀ ਪੰਜਾਬ ਅਤੇ ਪੰਜਾਬੀਆਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਆਡੀਓ ਸਿਮਰਜੀਤ ਸਿੰਘ ਬੈਂਸ ਵੱਲੋਂ ਜਾਰੀ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਬੈਂਸ ਮੇਰਾ ਵੱਡਾ ਭਰਾ ਹੈ, ਅਸੀਂ ਦੋਵੇਂ ਇੱਕ ਦੂਜੇ ਨਾਲ ਚੋਣ ਲੜਦੇ ਰਹੇ ਹਾਂ। ਪਹਿਲਾਂ ਬੈਂਸ ਮਰਦਾਂ ਵਾਂਗ ਚੋਣ ਲੜਦੇ ਸਨ ਪਰ ਹੁਣ ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਤਾਂ ਕਾਂਗਰਸ ਅਜਿਹੇ ਕੰਮ ਕਰਵਾਉਣ ਵਿਚ ਮਾਹਰ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਆਡੀਓ ਜਾਰੀ ਕੀਤਾ ਹੈ। ਬੈਂਸ ਦਾ ਦਾਅਵਾ ਹੈ ਕਿ ਆਡੀਓ ਵਿਚ ਆਵਾਜ਼ ਭਾਜਪਾ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਹੈ। ਉਹ ਕਾਂਗਰਸ ਤੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਗਾਲ੍ਹਾਂ ਕੱਢ ਰਹੇ ਹਨ ਪਰ ਸਪੋਕਸਮੈਨ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਆਡੀਓ ਵਿਚ ਵੀ ਸੁਣਿਆ ਜਾ ਸਕਦਾ ਹੈ ਕਿ 2 ਵਿਅਕਤੀ ਆਪਸ ਵਿਚ ਭਾਜਪਾ ਤੇ ਕਾਂਗਰਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ।