
'ਪੰਥ ਦੀ ਸਹਿਮਤੀ ਨਾਲ ਲੀਡਰਸ਼ਿਪ ਚੁਣੀ ਜਾਵੇਗੀ'
Shiromani Akali Dal Membership campaign: ਸ਼੍ਰੋਮਣੀ ਅਕਾਲੀ ਦੀ ਦਲ ਭਰਤੀ ਮੁਹਿੰਮ ਨੂੰ ਲੈ ਕੇ ਅੱਜ ਪੰਜ ਮੈਂਬਰੀ ਕਮੇਟੀ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਪੰਜ ਮੈਂਬਰੀ ਕਮੇਟੀ ਨੇ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਪ੍ਰਕਿਰਿਆ ਬੜੀ ਪਾਰਦਰਸ਼ਤਾ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਰਤੀ ਫਾਰਮ ਉੱਤੇ ਮੈਂਬਰ ਦੀ ਪੂਰੀ ਡਿਟੇਲ ਦਿੱਤੀ ਗਈ ਹੈ ਜੇਕਰ ਕਦੇ ਜਾਂਚ ਵੀ ਹੁੰਦੀ ਹੈ ਵਰਕਰ ਤੱਕ ਪਹੁੰਚਣਾ ਬਹੁਤ ਸੌਖਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਕਬਾਲ ਸਿੰਘ ਝੂੰਦਾ ਵਿਦੇਸ਼ ਜਾ ਕੇ ਆਏ ਹਨ ਅਤੇ ਉਨ੍ਹਾਂ ਨੂੰ ਸੰਗਤ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
ਇਯਾਲੀ ਨੇ ਕਿਹਾ ਕਿ ਦੂਸਰੇ ਸੂਬਿਆਂ ਵਿਚ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਜਾਵੇਗੀ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇਕੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ। ਪਾਰਟੀ ਲੱਖਾਂ ਮੈਂਬਰਾਂ ਨੂੰ ਨਾਲ ਜੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਪੰਥ ਇਕੱਠਾ ਹੋਵੇ, ਇਹ ਪੰਥ ਦੀਆਂ ਭਾਵਨਾਵਾਂ ਹਨ ਕਿ ਸਾਰੇ ਧੜੇ ਇਕ ਮੰਚ ’ਤੇ ਇਕੱਠੇ ਹੋਈਏ । ਉਨ੍ਹਾਂ ਕਿਹਾ ਕਿ ਤਿਆਗ ਦੀ ਭਾਵਨਾ ਨਾਲ ਸਾਰੇ ਪੰਥ ਨੂੰ ਇਕੱਠਾ ਕੀਤਾ ਜਾਵੇ ਤੇ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣ।
ਇਯਾਲੀ ਨੇ ਕਿਹਾ ਹੈ ਕਿ 18 ਜੂਨ ਤੱਕ ਮੁਕੰਮਲ ਭਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਵਿੱਚ ਭਰਤੀ ਨਹੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੱਕ 26 ਲੱਖ ਮੈਂਬਰ ਭਰਤੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਨਲਾਈਨ ਭਰਤੀ ਨਾਲ ਪੰਜਾਬ ਦੇ ਲੋਕ ਵੀ ਜੁੜ ਸਕਦੇ ਹਨ ਜਿਹੜੇ ਪਹੁੰਚ ਨਹੀ ਕਰ ਸਕਦੇ ਉਹ ਆਨਲਾਈਨ ਫਾਰਮ ਭਰ ਸਕਣਗੇ। ਉਨ੍ਹਾਂ ਨੇ ਕਿਹਾ ਹੈ ਕਿ ਸੰਗਤ ਵੱਲੋਂ ਹੀ ਲੀਡਰਸ਼ਿਪ ਚੁਣੀ ਜਾਵੇਗੀ।
ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਨਾਲ ਜੋੜਨ 'ਤੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਅਸੀਂ ਪੰਥ ਦਰਦੀਆਂ ਨੂੰ ਇਕੱਠਾ ਕਰਨਾ ਹੈ ਤੇ ਜੋ ਵੀ ਧੜਾ ਆਪਣੇ ਆਪ ਨੂੰ ਪੰਥਕ ਕਹਿੰਦਾ ਉਸ ਨੂੰ ਨਾਲ ਜੋੜਾਂਗੇ।
ਅਕਾਲੀ ਲੀਡਰਸ਼ਿਪ ਬਾਰੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਹੈ ਕਿ ਸੰਗਤ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੌਮ ਹੀ ਪ੍ਰਵਾਨਿਤ ਲੀਡਰਸ਼ਿਪ ਚੁਣੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਸਮੱਸਿਆ ਆਈ ਤਾਂ ਕਾਨੂੰਨੀ ਪ੍ਰਕਿਰਿਆ ਉੱਤੇ ਚੱਲਣਾ ਪਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਭਰਤੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।