
..ਅੱਜ ਆਦਮ ਕੱਦ ਗੇਟ ਵੀ ਹੋਇਆ ਗ਼ਾਇਬ, ਕਲਾਕਾਰੀ ਦਾ ਅਦਭੁਤ ਨਮੂਨਾ ਰਹੀ ਇਸ ਦੀ ਇਮਾਰਤ ਦੀ ਮੌਜੂਦਾ ਸਮੇਂ ਤਰਸਯੋਗ ਹਾਲਤ ਬਣੀ ਹੋਈ ਹੈ।
The historic fort of Amloh is collapsing: ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਵਲੋਂ ਕਰੀਬ 120 ਸਾਲ ਪਹਿਲਾ ਬਣਾਇਆ ਕਿਲ੍ਹਾ ਢਹਿ-ਢੇਰੀ ਹੋ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਅਤੇ ਵਿਭਾਗਾਂ ਦੀ ਅਣਦੇਖੀ ਕਰ ਕੇ ਇਹ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦਾ ਮੁੱਖ ਦਰਵਾਜ਼ਾ ਢਹਿ ਚੁਕਿਆ ਹੈ। ਇਸ ਦੇ ਆਦਮ ਕੱਦ ਗੇਟ ਗ਼ਾਇਬ ਹੋ ਚੁੱਕੇ ਹਨ ਅਤੇ ਦੀਵਾਰਾ ਥਾ-ਥਾਂ ਤੋਂ ਡਿੱਗ ਗਈਆ ਹਨ। ਕਲਾਕਾਰੀ ਦਾ ਅਦਭੁਤ ਨਮੂਨਾ ਰਹੀ ਇਸ ਦੀ ਇਮਾਰਤ ਦੀ ਮੌਜੂਦਾ ਸਮੇਂ ਤਰਸਯੋਗ ਹਾਲਤ ਬਣੀ ਹੋਈ ਹੈ।
ਇਸ ਕਿਲ੍ਹੇ ਦਾ ਨਿਰਮਾਣ ਮਹਾਰਾਜਾ ਹੀਰਾ ਸਿੰਘ ਨੇ 1870 ਵਿਚ ਕਰਵਾਇਆ ਸੀ ਅਤੇ 1911 ਤਕ ਚਲਿਆ। ਵਰਨਣਯੋਗ ਹੈ ਕਿ ਇਹ ਕਿਲ੍ਹਾ ਸਾਢੇ ਚਾਰ ਏਕੜ ਦੇ ਕਰੀਬ ਜ਼ਮੀਨ ਵਿਚ ਬਣਿਆ ਹੋਇਆ ਹੈ ਅਤੇ ਸਵਾ ਦੋ ਏਕੜ ਵਿਚ ਇਸ ਦੀ ਵਿਸ਼ਾਲ ਦੀਵਾਰ ਹੈ। ਇਸ ਦੀ ਦੀਵਾਰ ਉੱਪਰ ਤੋਂ 20 ਫ਼ੁਟ ਚੌੜੀ ਅਤੇ ਥਲਿਓ 30 ਫ਼ੁਟ ਚੌੜੀ ਹੈ। ਪੁਰਾਤਨ ਸਮੇਂ ਵਿਚ ਇਸ ਦੀਵਾਰ ਉਪਰ ਸ਼ਾਮ ਸਮੇਂ ਰਾਜੇ ਦੀ ਬੱਘੀ ਚਲਦੀ ਸੀ। ਇਸ ਕਿਲੇ੍ਹ ਵਿਚ ਇਕ ਸਬ ਜੇਲ ਵੀ ਹੁੰਦੀ ਸੀ ਜਿਸ ਉਪਰ ਇਕ ਘੰਟਾ ਲੱਗਾ ਹੁੰਦਾ ਸੀ ਜੋ ਹਰ ਘੰਟੇ ਬਾਅਦ ਵਜਾਇਆ ਜਾਦਾ ਸੀ ਜਿਸ ਨੂੰ ਸੁਣਨ ਤੋਂ ਬਾਅਦ ਲੋਕ ਸਮੇਂ ਦਾ ਅੰਦਾਜ਼ਾ ਲਗਾਉਂਦੇ ਸਨ।
ਇਸ ਕਿਲੋ ਵਿਚ ਇਕ ਖੂਹ ਹੁੰਦਾ ਸੀ ਜਿਸ ਦਾ ਪਾਣੀ ਕਿਲੇ ਅੰਦਰ ਲਗੀ ਫੁਲਵਾੜੀ ਲਈ ਵਰਤਿਆ ਜਾਦਾ ਸੀ। ਕਿਲੇ੍ਹ ਦੀ ਆਲੀਸ਼ਾਨ ਬਿਲਡਿੰਗ ਵਿਚ ਕਿਸੇ ਸਮੇਂ ਥਾਣਾ ਮੁਖੀ, ਸਰਕਾਰੀ ਵਕੀਲ, ਸਿਵਲ ਹਸਪਤਾਲ ਦੇ ਡਾਕਟਰ, ਜੱਜ ਅਤੇ ਤਹਿਸੀਲਦਾਰ ਦੀ ਰਿਹਾਇਸ਼ ਹੁੰਦੀ ਸੀ। ਕਿਲ੍ਹੇ ਅੰਦਰ ਇਕ ਗੁਰੂ ਘਰ ਵੀ ਹੈ ਜਿਸ ਵਿਚ ਸਰਕਾਰੀ ਤੌਰ ’ਤੇ ਗ੍ਰੰਥੀ ਸਿੰਘ ਤਾਇਨਾਤ ਹੈ ਜਿਸ ਦੀ ਤਨਖਾਹ ਅੱਜ ਵੀ ਸਰਕਾਰੀ ਖ਼ਜ਼ਾਨੇ ਵਿਚ ਆਉਂਦੀ ਹੈ। ਕੁੱਝ ਸਾਲ ਪਹਿਲਾ ਕਿਲ੍ਹੇ ਦੀ ਇਕ ਛੱਤ ਉਤੇ ਕੁੱਝ ਵਿਅਕਤੀਆਂ ਵਲੋਂ ਇਕ ਪੀਰ ਦੀ ਮਜ਼ਾਰ ਬਣਾ ਦਿਤੀ ਗਈ ਜਿਸ ਉਤੇ ਹਰ ਵੀਰਵਾਰ ਕਾਫੀ ਲੋਕ ਮੱਥਾ ਟੇਕਣ ਆਉਂਦੇ ਹਨ।
ਕਿਲ੍ਹੇ ਦੀਆ ਦੀਵਾਰਾਂ ਬਹੁਤ ਸਾਰੀਆ ਥਾਵਾਂ ਤੋਂ ਢਹਿ-ਢੇਰੀ ਹੋ ਚੁਕੀਆ ਹਨ ਅਤੇ ਇਸ ਦਾ ਮਲਬਾ ਅਤੇ ਇੱਟਾ ਵੀ ਵੱਡੀ ਗਿਣਤੀ ਵਿਚ ਗ਼ਾਇਬ ਹੋ ਗਈਆਂ ਹਨ। ਮੌਜੂਦਾ ਸਮੇਂ ਕਿਲੇ੍ਹ ਦੇ ਅੰਦਰ ਕੋਰਟ ਕੰਪਲੈਕਸ, ਜੱਜਾ ਦੀ ਰਿਹਾਇਸ਼, ਐਸਡੀਐਮ ਦਾ ਦਫ਼ਤਰ, ਤਹਿਸੀਲ ਕੰਪਲੈਕਸ, ਸੀਡੀਪੀਓ ਦਫ਼ਤਰ, ਪਟਵਾਰਖ਼ਾਨਾ ਵਕੀਲਾਂ ਦੇ ਚੇਬਰ, ਖ਼ਜ਼ਾਨੇ ਦਾ ਦਫ਼ਤਰ ਅਤੇ ਬਾਗ਼ਵਾਨੀ ਦਫ਼ਤਰ ਆਦਿ ਮੌਜੂਦ ਹਨ। ਕੋਰਟ ਕੰਪਲੈਕਸ ਦੇ ਅੱਗੇ ਲੱਗੀ ਪੁਰਾਣੀ ਤੋਪ ਅੱਜ ਵੀ ਆਕਰਸ਼ਣ ਦਾ ਕੇਂਦਰ ਹੈ। ਬਜ਼ੁਰਗ ਦਸਦੇ ਹਨ ਕਿ ਜਦੋਂ ਮਹਾਰਾਜਾ ਹੀਰਾ ਸਿੰਘ ਇਸ ਕਿਲੇ੍ਹ ਵਿਚ ਆਉਂਦੇ ਸਨ ਤਾਂ ਇਸ ਤੋਪ ਤੋਂ 20 ਗੋਲੇ ਦਾਗ਼ ਕੇ ਉਨ੍ਹਾਂ ਨੂੰ ਸਲਾਮੀ ਦਿਤੀ ਜਾਦੀ ਸੀ।