
ਲੰਘੀ ਰਾਤ ਪਟਿਆਲਾ ਰੋਡ 'ਤੇ ਸਥਿਤ ਮੋਰਾਂਵਾਲੀ ਵਿਖੇ ਬੱਸ ਦੀ ਲਪੇਟ ਵਿਚ ਆਉਣ ਨਾਲ ਸਕੂਟਰੀ ਤੇ ਸਵਾਰ ਇਕ ਵਿਅਕਤੀ ਦੀ .....
ਸੁਨਾਮ ਊਧਮ ਸਿੰਘ ਵਾਲਾ : ਲੰਘੀ ਰਾਤ ਪਟਿਆਲਾ ਰੋਡ 'ਤੇ ਸਥਿਤ ਮੋਰਾਂਵਾਲੀ ਵਿਖੇ ਬੱਸ ਦੀ ਲਪੇਟ ਵਿਚ ਆਉਣ ਨਾਲ ਸਕੂਟਰੀ ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਮੁਤਾਬਕ ਮ੍ਰਿਤਕ ਦੋਧੀ ਵਜੋਂ ਕੰਮ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿੰਆਂ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਮਿੱਠੂ ਰਾਮ ਨੇ ਦਸਿਆ ਕਿ ਪਿੰਡ ਭਰੂਰ ਦਾ ਬਲਵਿੰਦਰ ਸਿੰਘ (42) ਲੰਘੀ ਰਾਤ ਕਰੀਬ ਅੱਠ ਕੁ ਵਜੇ ਕੁਲਾਰ ਖ਼ੁਰਦ ਤੋਂ ਦੁਧ ਲੈ ਕੇ ਸਕੂਟਰੀ 'ਤੇ ਸੁਨਾਮ ਵਲ ਆ ਰਿਹਾ ਸੀ
ਜਿਉਂ ਹੀ ਉਹ ਪਟਿਆਲਾ ਰੋਡ 'ਤੇ ਮੋਰਾਂਵਾਲੀ ਨਜ਼ਦੀਕ ਬਜਾਜ ਮੋਟਰਸਾਈਕਲ ਏਜੰਸੀ ਕੋਲ ਪੁੱਜਾ ਤਾਂ ਪਿੱਛੇ ਤੋਂ ਆ ਰਹੀ ਇਕ ਨਿਜੀ ਕੰਪਨੀ ਦੀ ਬੱਸ ਨੇ ਲਪੇਟ ਵਿਚ ਲੈ ਲਿਆ। ਉਨ੍ਹਾਂ ਦਸਿਆ ਕਿ ਬਲਵਿੰਦਰ ਸਿੰਘ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਏ ਐਸ ਆਈ ਮਿੱਠੂ ਰਾਮ ਨੇ ਕਿਹਾ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਡਰਾਈਵਰ ਸਰਬਜੀਤ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਹੈ।