
ਸਥਾਨਕ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਰਮਣੀਕ ਕੌਰ ਮਾਹਲ ਨੇ ਅੱਜ ਸਫ਼ਲਤਾਂ ਦੇ ਨਵੇਂ ਝੰਡੇ ਗੱਡਦਿਆਂ ਪਿਛਲੇ ਦਿਨੀਂ ਦੇਸ ਦੀ ਸਿਰਮੌਰ ਮੈਡੀਕਲ ਸੰਸਥਾ ਵਲੋਂ ਲਏ...
ਬਠਿੰਡਾ, : ਸਥਾਨਕ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਰਮਣੀਕ ਕੌਰ ਮਾਹਲ ਨੇ ਅੱਜ ਸਫ਼ਲਤਾਂ ਦੇ ਨਵੇਂ ਝੰਡੇ ਗੱਡਦਿਆਂ ਪਿਛਲੇ ਦਿਨੀਂ ਦੇਸ ਦੀ ਸਿਰਮੌਰ ਮੈਡੀਕਲ ਸੰਸਥਾ ਵਲੋਂ ਲਏ ਮੈਡੀਕਲ ਦੇ ਨਤੀਜੇ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਵੱਡੀ ਗੱਲ ਇਹ ਵੀ ਹੈ ਕਿ ਆਲ ਇੰਡੀਆ ਪੱਧਰ 'ਤੇ ਮੈਡੀਕਲ ਕੋਰਸਾਂ ਦੇ ਦਾਖ਼ਲਿਆਂ ਲਈ ਹੋਈ ਪ੍ਰੀਖ਼ਿਆ ਦੇ ਲੰਘੀ 4 ਜੂਨ ਨੂੰ ਐਲਾਨੇ ਨਤੀਜੇ ਵਿਚ ਰਮਣੀਕ ਦਸਵੇਂ ਸਥਾਨ 'ਤੇ ਰਹੀ ਸੀ। ਉਸ ਨੇ ਕੁੱਲ 720 ਅੰਕਾਂ ਵਿਚੋਂ 680 ਅੰਕ ਪ੍ਰਾਪਤ ਕੀਤੇ ਸਨ।
ਸਥਾਨਕ ਸੈਂਟ ਜੋਸਫ਼ ਸਕੂਲ ਤੋਂ ਦਸਵੀਂ ਅਤੇ ਰੋਜ਼ ਮੈਰੀ ਕਾਨਵੈਟ ਸਕੂਲ ਤੋਂ ਬਾਹਰਵੀਂ ਕਰਨ ਵਾਲੀ ਰਮਣੀਕ ਦਾ ਵੀ ਸ਼ੁਰੂ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ ਜੋ ਹੁਣ ਉਸਨੂੰ ਪੂਰਾ ਹੁੰਦਾ ਨਜ਼ਰ ਆ ਰਿਹਾ। ਰਮਣੀਕ ਨੇ ਦਸਿਆ ਕਿ ਉਹ ਏਮਜ਼ ਵਿਚੋਂ ਐਮ.ਬੀ.ਬੀ.ਐਸ ਤੋਂ ਬਾਅਦ ਨਿਊਰੋਲਿਜਟ ਬਣਨਾ ਚਾਹੁੰਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਰਮਣੀਕ ਦੇ ਪਿਤਾ ਅਮਨਜੀਤ ਸਿੰਘ ਤੇ ਮਾਤਾ ਬੀਰਇੰਦਰ ਕੌਰ ਦੋਨੇ ਹੀ ਡਾਕਟਰ ਹਨ।
ਰਮਣੀਕ ਦੀ ਮਾਤਾ ਬੀਰਇੰਦਰ ਕੌਰ ਨੇ ਇਸ ਮੌਕੇ ਅਪਣੀ ਪੁੱਤਰੀ ਦੀ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰਮਣੀਕ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਤੇ ਹੋਣਹਾਰ ਲੜਕੀ ਰਹੀ ਹੈ। ਉਹ ਪੜ੍ਹਾਈ ਲਈ ਹਮੇਸ਼ਾ ਵੱਧ ਤੋਂ ਵੱਧ ਸਮਾਂ ਦਿੰਦੀ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਇਕ ਹੋਰ ਹੋਣਹਾਰ ਵਿਦਿਆਰਥੀ ਸਬੀਨ ਰਾਏ ਨੇ ਏਮਜ਼ ਦੀ ਪ੍ਰੀ੍ਿਰਖਆ ਵਿਚੋਂ 48ਵਾਂ ਸਥਾਨ ਹਾਸਲ ਕੀਤਾ ਹੈ। ਸਬੀਨ ਦੇ ਮਾਤਾ-ਪਿਤਾ ਵੀ ਸਰਕਾਰੀ ਡਾਕਟਰ ਹਨ। ਸਬੀਨ ਨੇ ਦਸਿਆ ਕਿ ਉਹ ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਦਿਲ ਦੇ ਰੋਗਾਂ ਦਾ ਮਾਹਰ ਬਣਨਾ ਚਾਹੁੰਦਾ ਹੈ।