
ਪੰਜਾਬ 'ਚ ਸਿਆਸੀ ਅਸਥਿਰਤਾ ਦਾ ਲਾਹਾ ਖੱਟਣ ਲਈ ਹਰ ਰੁੱਸੇ ਨੂੰ ਮਨਾਉਣ ਦੇ ਰੌਂਅ 'ਚ ਪਾਰਟੀ
ਚੰਡੀਗੜ੍ਹ : ਕਾਂਗਰਸ ਦੇ ਸਿਆਸੀ ਇਕਾਂਤਵਾਸ ਵਿਚ ਚੱਲ ਰਹੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਬੜੀ ਜਲਦੀ ਹੀ ਮੁੜ ਸਰਗਰਮ ਹੋਣ ਜਾ ਰਹੇ ਹਨ। ਇਸ ਸਬੰਧ ਵਿਚ ਕੁੱਝ ਦਿਨ ਪਹਿਲਾਂ ਸਿੱਧੂ ਦਿੱਲੀ ਦਰਬਾਰ ਵਿਚ ਵੀ ਫੇਰੀ ਪਾ ਕੇ ਆ ਚੁੱਕੇ ਦੱਸੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਪਾਰਟੀ ਵਲੋਂ ਇੰਚਾਰਜ ਅਤੇ ਹਿਮਾਚਲ ਕਾਂਗਰਸ ਦੀ ਨੇਤਾ ਆਸ਼ਾ ਕੁਮਾਰੀ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੁਫ਼ਤਗੂ ਹੋ ਚੁੱਕੀ ਹੈ। ਜਿਸ ਦੌਰਾਨ ਕੁਮਾਰੀ ਵਲੋਂ ਸਿੱਧੂ ਬਾਰੇ ਹਾਈਕਮਾਨ ਦਾ ਰੁਖ ਕੈਪਟਨ ਕੋਲ ਸਪੱਸ਼ਟ ਕੀਤਾ ਜਾ ਚੁੱਕਾ ਹੈ।
Navjot Singh Sidhu
ਸੂਤਰਾਂ ਮੁਤਾਬਕ ਆਲਾਕਮਾਨ ਨਾਲ ਤਾਜ਼ਾ ਚਰਚਾ ਦੌਰਾਨ ਸਿੱਧੂ ਪੰਜਾਬ ਵਿਚ ਸਰਕਾਰ ਅੰਦਰ ਮੁੜ ਸਰਗਰਮ ਹੋਣ ਲਈ ਘੱਟੋ-ਘੱਟ ਉਪ ਮੁੱਖ ਮੰਤਰੀ ਦੇ ਅਹੁਦੇ ਉੱਤੇ ਅੜੇ ਹੋਏ ਰਹੇ ਹਨ। ਮੁੱਖ ਮੰਤਰੀ ਖੇਮੇ ਨਾਲ ਸਬੰਧਤ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਅਪਣਾ ਨਾਮ ਗੁਪਤ ਰਖਦਿਆਂ ਇਸ਼ਾਰਾ ਦਿਤਾ ਹੈ ਕਿ ਪੰਜਾਬ ਵਿਚ ਕਾਂਗਰਸ ਦੇ ਹੋਰਨਾਂ ਵੱਖ-ਵੱਖ ਵਰਗਾਂ ਵਲੋਂ ਇਕ ਗੱਲ 'ਤੇ ਸਹਿਮਤੀ ਪੂਰਵਕ ਸੁਝਾਅ ਦਿਤਾ ਜਾ ਰਿਹਾ ਹੈ ਕਿ ਸੂਬੇ ਅੰਦਰ ਜੱਟ ਪਿਛੋਕੜ ਤੋਂ ਪਹਿਲਾਂ ਹੀ ਮੁੱਖ ਮੰਤਰੀ ਹੁੰਦੇ ਹੋਏ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਇਸੇ ਪਿਛੋਕੜ ਵਾਲੇ ਨੇਤਾ ਨੂੰ ਜਿਹੜਾ 'ਭਾਈਚਾਰਕ ਅੜਿੱਕਾ' ਪੈਦਾ ਕਰ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੁਕਤੇ ਨਿਗਾਹ ਤੋਂ ਕੈਪਟਨ ਕੈਂਪ ਹਾਈਕਮਾਨ ਨੂੰ ਇਹ ਗੱਲ ਜਚਾਉਣ ਵਿਚ ਕਾਫ਼ੀ ਹੱਦ ਤਕ ਸਫ਼ਲ ਵੀ ਹੋ ਗਿਆ ਹੈ ਕਿ ਸਰਕਾਰ ਦੇ ਦੋਵੇਂ ਸਿਖਰਲੇ ਮੁਕਾਮ ਸਿਰਫ਼ ਤੇ ਸਿਰਫ਼ ਜੱਟ ਪਿਛੋਕੜ ਵਾਲੇ ਨੇਤਾਵਾਂ ਨੂੰ ਹੀ ਨਿਵਾਜ ਦੇਣਾ ਸਿਆਸੀ ਤੌਰ 'ਤੇ ਰਤਾ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ।
Navjot Singh Sidhu
ਜਾਣਕਾਰੀ ਮੁਤਾਬਕ ਅਜਿਹੇ ਵਿਚ ਹਾਈਕਮਾਨ ਦੇ ਦਬਾਅ ਅਤੇ ਸੂਬੇ ਦੀ ਮੌਜੂਦਾ ਸਿਆਸੀ ਅਸਥਿਰਤਾ ਵਾਲੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਮੁੜ ਉਨ੍ਹਾਂ ਦਾ ਖੋਹਿਆ ਸਥਾਨਕ ਸਰਕਾਰਾਂ ਵਿਭਾਗ ਦੇਣ ਲਈ ਅਪਣੀ ਸਹਿਮਤੀ ਵੀ ਜ਼ਾਹਰ ਕਰ ਦਿਤੀ ਹੈ। ਪਰ ਡਿਪਟੀ ਸੀਐਮ ਦੀ ਥਾਂ ਸਿੱਧੂ ਨੂੰ ਹੁਣ ਕੈਬਨਿਟ ਮੰਤਰੀ ਵਜੋਂ ਮੁੜ ਪੁਰਾਣੀ ਮਹਿਕਮੇ ਸਣੇ ਬਹਾਲ ਕਰਨ ਦੇ ਨਾਲ-ਨਾਲ ਆਗਾਮੀ ਸੂਬਾਈ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀ ਅਗਵਾਈ ਸੌਂਪਣ ਦੇ ਫਾਰਮੂਲੇ 'ਤੇ ਕੰਮ ਕੀਤਾ ਜਾ ਰਿਹਾ ਹੈ। ਕਿਉਂਕਿ ਪੂਰੇ ਦੇਸ਼ ਵਿਚ ਲਗਭਗ ਹਾਸ਼ੀਏ 'ਤੇ ਆਉਂਦੀ ਜਾ ਰਹੀ ਕਾਂਗਰਸ ਪਾਰਟੀ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਉਮੀਦਾਂ ਹਨ। ਖਾਸਕਰ ਉਦੋਂ ਜਦੋਂ ਪੰਜਾਬ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਮਾਹੌਲ ਵਾਂਗ ਮੁੜ ਸਿਆਸੀ ਅਸਥਿਰਤਾ ਅਤੇ ਅਨਿਸ਼ਚਿਤਤਾ ਵਿਚ ਗ੍ਰਸਤ ਹੁੰਦਾ ਜਾ ਰਿਹਾ ਹੈ।
Navjot Singh Sidhu
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੂੰ ਮੁੜ ਸਰਗਰਮ ਕਰਨ ਦੀ ਲੋੜ ਅਚਾਨਕ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਉਮੀਦਵਾਰ ਵਜੋਂ ਜਾਣ ਦੀ ਮੰਗੀ ਚਰਚਾ 'ਚੋਂ ਜਨਮੀ ਹੈ। ਸਿਆਸੀ ਨਜ਼ਰੀਏ ਤੋਂ ਪੰਜਾਬ ਵਿਚ ਤੀਲਾ ਤੀਲਾ ਹੋਈ ਪਈ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਲਈ ਸਿੱਧੂ ਦੇ ਨਾਮ ਨੂੰ ਹੀ ਸੰਜੀਵਨੀ ਬੂਟੀ ਮੰਨਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਵਿੱਢੇ ਗਏ 'ਸਪੀਕਅਪ ਇੰਡੀਆ' ਡਿਜੀਟਲ ਪ੍ਰੋਗਰਾਮ 'ਚ 28 ਜੂਨ ਨੂੰ ਪ੍ਰਵਾਸੀ ਭਾਰਤੀਆਂ ਦੇ ਮੁਖਾਤਬ ਹੋਣ ਤੋਂ ਪਹਿਲਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਮੁੜ ਪੰਜਾਬ ਕਾਂਗਰਸ ਚ ਸਰਗਰਮ ਹੋਣ ਬਾਰੇ ਕੈਪਟਨ ਅਤੇ ਸਿੱਧੂ ਦਰਮਿਆਨ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਲੈਣ ਦੀ ਇੱਛੁਕ ਹੈ।
Navjot Singh Sidhu
ਪਰਵਾਸੀ ਪੰਜਾਬੀਆਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਹਰਮਨ ਪਿਆਰਤਾ ਦੇ ਪੈਮਾਨੇ ਮੁਤਾਬਕ ਹੀ ਪਾਰਟੀ ਸਿੱਧੂ ਨੂੰ ਕਿਸੇ ਹੋਰ ਸਿਆਸੀ ਪਾਰਟੀ ਵਿਚ ਛਲਾਂਗ ਮਾਰਨ ਤੋਂ ਰੋਕਦੇ ਹੋਏ ਕਾਂਗਰਸ ਵਿਚ ਹੀ ਸੰਪੂਰਨ ਲਗਾਤਾਰਤਾ ਬਣਾਉਣ ਉੱਤੇ ਹੀ ਪੂਰੀ ਤਰ੍ਹਾਂ ਨਿੱਠ ਕੇ ਕੰਮ ਕਰ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਗਲੀਆਂ ਚੋਣਾਂ 'ਚ ਪਾਰਟੀ ਦੀ ਅਗਵਾਈ ਕਰਨ ਲਈ ਖੁਦ ਦੇ ਫਿੱਟ ਹੋਣ ਦੇ ਸੰਕੇਤ ਦੁਹਰਾਉਂਦੇ ਆ ਰਹੇ ਹਨ ਪਰ ਹਾਈਕਮਾਨ ਇਨ੍ਹਾਂ ਦੋਵਾਂ ਹਰਮਨ ਪਿਆਰੇ ਨੇਤਾਵਾਂ ਦੀ ਹਰਮਨ ਪਿਆਰਤਾ ਦਾ ਸਾਂਝੇ ਤੌਰ 'ਤੇ ਲਾਹਾ ਖੱਟਣ ਤੋਂ ਖੁੰਝਣਾ ਨਹੀਂ ਚਾਹੁੰਦੀ। ਪਾਰਟੀ ਸੂਤਰਾਂ ਮੁਤਾਬਿਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੂਬੇ ਚ ਸਿਆਸੀ ਅਸਥਿਰਤਾ ਦਾ ਲਾਹਾ ਖੱਟਣ ਦੀ ਕੋਸ਼ਿਸ਼ ਵਿਚ ਸਰਕਾਰ ਖ਼ਾਸਕਰ ਮੁੱਖ ਮੰਤਰੀ ਪਾਰਟੀ ਦੇ ਹਰ ਰੁੱਸੇ ਨਿੱਕੇ ਵੱਡੇ ਨੇਤਾ ਨੂੰ ਮਨਾਉਣ 'ਚ ਨਿਜੀ ਦਿਲਚਸਪੀ ਦਿਖਾ ਰਹੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਤਹਿਤ ਵੀ ਸੁਨੀਲ ਜਾਖੜ ਦੀ ਅਗਵਾਈ ਵਿਚ ਪਾਰਟੀ ਕਾਡਰ ਦੇ ਹਰ ਹਿੱਸੇ ਨੂੰ ਨੁਮਾਇੰਦਗੀ ਦੇ ਕਲਾਵੇ ਵਿੱਚ ਲਿਆਉਣ ਦੀ ਰਣਨੀਤੀ ਘੜੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।