
24 ਘੰਟੇ ਚ 150 ਨਵੇਂ ਪਾਜ਼ੇਟਿਵ ਮਾਮਲੇ ਆਏ
ਚੰਡੀਗੜ੍ਹ, 18 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦਾ ਕਹਿਰ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਸੂਬੇ ਵਿਚ 24 ਘੰਟਿਆਂ ਦੌਰਾਨ ਕੋਰੋਨਾ ਨੇ ਜਿਥੇ 5 ਹੋਰ ਜਾਨਾਂ ਲਈਆਂ ਹਨ ਉਥੇ 150 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਮਾਰਨ ਵਾਲਿਆਂ ਦੀ ਗਿਣਤੀ 87 ਤਕ ਪਹੁੰਚ ਗਈ ਹੈ ਅਤੇ ਪਜ਼ੇਟਿਵ ਕੇਸਾਂ ਦਾ ਕੁਲ ਅੰਕੜਾ 3647 ਹੋ ਗਿਆ ਹੈ। ਅੱਜ 16 ਮਰੀਜ਼ ਠੀਕ ਵੀ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 2470 ਹੋ ਗਈ ਹੈ। ਸੱਭ ਤੋਂ ਵੱਧ ਮੌਤਾਂ ਜਿਲ੍ਹਾ ਅੰਮ੍ਰਿਤਸਰ 'ਚ 25, ਜਲੰਧਰ 'ਚ 13 ਤੇ ਲੁਧਿਆਣਾ 'ਚ 12 ਹੋਈਆਂ ਹਨ।
ਇਸ ਸਮੇ 962 ਮਰੀਜ ਇਲਾਜ ਅਧੀਨ ਹਨ, ਜਿਨ੍ਹਾਂ 'ਚੋ ਮੋਹਾਲੀ ਨਾਲ ਸਬੰਧਤ 2 ਅਤੇ ਬਰਨਾਲਾ ਨਾਲ ਸਬੰਧਤ 2 ਕੋਰੋਨਾ ਪੀੜਤ ਵੈਂਟੀਲੇਟਰ ਉਤੇ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਚ' ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 700 ਤੋਂ ਪਾਰ ਹੋ ਚੁਕਾ ਹੈ। ਜਲੰਧਰ 'ਚ ਇਹ ਗਿਣਤੀ 400 ਅਤੇ ਲੁਧਿਆਣਾ 350 ਦੇ ਨੇੜੇ ਪਹੁੰਚ ਚੁੱਕੀ ਹੈ। ਪਿਛਲੇ ਦੋ ਦਿਨਾਂ ਦੌਰਾਨ ਕਈ ਥਾਈਂ ਪੁਲਿਸ ਮੁਲਾਜ਼ਮ ਅਤੇ ਨਰਸਾਂ ਦੇ ਪਾਜ਼ੇਟਿਵ ਆਉਣ ਨਾਲ ਲੋਕਾਂ ਤੇ ਪ੍ਰਸ਼ਾਸ਼ਨ ਦੀ ਚਿੰਤਾ ਵਧ ਗਈ ਹੈ।