
ਜਲੰਧਰ 'ਚ ਕੋਰੋਨਾ ਨਾਲ ਔਰਤ ਦੀ ਮੌਤ, ਪੰਜ ਨਵੇਂ ਕੇਸ ਆਏ
ਜਲੰਧਰ 'ਚ ਕੋਰੋਨਾ ਨਾਲ ਔਰਤ ਦੀ ਮੌਤ, ਪੰਜ ਨਵੇਂ ਕੇਸ ਆਏ
ਜਲੰਧਰ, 18 ਜੂਨ (ਲੱਕੀ/ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ 30 ਸਾਲ ਦੀ ਰੀਟਾ ਦੇਵੀ ਵਾਸੀ ਪਚਰੰਗਾ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਰੀਟਾ ਬੁਖ਼ਾਰ ਅਤੇ ਪੀਲੀਏ ਤੋਂ ਪੀੜਤ ਸੀ, ਜਿਸ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਸਨ। ਅੱਜ ਸ਼ਹਿਰ ਵਿਚ ਪੰਜ ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ 'ਚ ਦੋ ਸੀ. ਆਈ. ਏ. ਸਟਾਫ ਦੇ ਮੈਂਬਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾਰਾ ਦੇ ਰਹਿਣ ਵਾਲੇ 49 ਸਾਲਾ ਵਿਅਕਤੀ, ਚੁਗਿੱਟੀ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਸੀ. ਆਈ. ਏ. ਸਟਾਫ ਮੈਂਬਰਾਂ 'ਚ 47 ਸਾਲਾ ਵਿਅਕਤੀ ਅਤੇ 29 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਸੰਗਰੂਰ 'ਚ ਵੀ ਕੋਰੋਨਾ ਕਾਰਨ ਹੋਈ ਇਕ ਮੌਤ
ਸੰਗਰੂਰ, 18 ਜੂਨ (ਭੁੱਲਰ) : ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਵਾਇਰਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ 'ਚ ਦਾਖ਼ਲ ਸੀ। ਮਲੇਰਕੋਟਲਾ ਦੇ ਨੇੜਲੇ ਪਿੰਡ ਢੋਲੋਵਾਲ ਦੀ ਰਹਿਣ ਵਾਲੀ 68 ਸਾਲਾ ਔਰਤ ਕੋਰੋਨਾ ਤੋਂ ਪੀੜਤ ਸੀ। ਦੱਸ ਦੇਈਏ ਕਿ ਇਸ ਔਰਤ ਦੀ ਮੌਤ ਹੋਣ ਨਾਲ ਸੰਗਰੂਰ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ
ਅੰਮ੍ਰਿਤਸਰ, 18 ਜੂਨ (ਪਪ) : ਅੰਮ੍ਰਿਤਸਰ 'ਚ ਅੱਜ ਫਿਰ ਤੋਂ 'ਕੋਰੋਨਾ' ਬਲਾਸਟ ਹੋਇਆ ਹੈ। ਵੀਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਲਾਗ (ਮਹਾਂਮਾਰੀ) ਦੇ ਇਕ ਸਮੇਂ 'ਚ 34 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦੀ ਗਿਣਤੀ 691 ਹੋ ਗਈ ਹੈ ਜਦਕਿ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਐਕਟਿਵ ਕੇਸ 165 ਹਨ ਜਦਕਿ 475 ਮਰੀਜ਼ ਠੀਕ ਹੋ ਗਈ ਹੈ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ 'ਚ ਡੇਢ ਦਰਜਨ ਤੋਂ ਵਧ ਕੇਸ ਆਏ
ਲੁਧਿਆਣਾ, 18 ਜੂਨ (ਪਪ) : ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ 'ਚ ਅੱਜ ਵੀ ਹੁਣ ਤਕ ਡੇਢ ਦਰਜਨ ਤੋਂ ਵੱਧ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਲੈਬ ਜਾਂਚ ਦੌਰਾਨ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਤ ਅੱਜ ਹੋਰ 19 ਵਿਅਕਤੀ ਸਾਹਮਣੇ ਆਏ ਹਨ।
ਤਰਨ ਤਾਰਨ 'ਚ 9 ਦੀ ਰੀਪੋਰਟ ਕੋਰੋਨਾ ਪਾਜ਼ੇਟਿਵ
ਤਰਨ ਤਾਰਨ, 18 ਜੂਨ (ਪਪ) : ਜ਼ਿਲ੍ਹਾ ਤਰਨ ਤਾਰਨ 'ਚ ਅੱਜ 9 ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ, ਜਦਕਿ 725 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦਸਿਆ ਕਿ 9 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਵਿਅਕਤੀਆਂ 'ਚੋਂ 2 ਵਿਅਕਤੀ ਪਹਿਲਾਂ ਪਾਜ਼ੀਟਿਵ ਆਏ ਕਿ ਇਕ ਵਿਅਕਤੀ ਦੇ ਸੰਪਰਕ 'ਚ ਸਨ, ਜਦਕਿ ਜੇਲ ਪੱਟੀ ਦੇ ਕੁਆਰੰਟੀਨ ਸੈਂਟਰ 'ਚੋਂ 4 ਹਵਾਲਾਤੀ ਅਤੇ 3 ਵਿਅਕਤੀ ਰਾਣਾ ਸ਼ੂਗਰ ਮਿੱਲ ਤੋਂ ਪਾਜ਼ੇਟਿਵ ਪਾਏ ਗਏ ਹਨ। ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦਾ ਜਾ ਰਿਹਾ ਹੈ।
ਬਰਨਾਲਾ 'ਚ 7 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ
ਬਰਨਾਲਾ, 18 ਜੂਨ (ਗਰੇਵਾਲ) : ਜ਼ਿਲ੍ਹਾ ਬਰਨਾਲਾ ਵਿਚ 7 ਹੋਰ ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ। ਜਿਸ ਨਾਲ ਜ਼ਿਲ੍ਹਾ ਬਰਨਾਲਾ ਵਿਚ ਅੱਜ 8 ਅਤੇ ਕੁੱਲ 14 ਕੇਸ ਐਕਟਿਵ ਹੋ ਗਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਅਤੇ ਐਸ.ਐਮ.ਓ. ਡਾ. ਤਪਿੰਦਰਜੋਤ ਕੌਸ਼ਲ ਨੇ ਦਸਿਆ ਕਿ ਅੱਜ ਆਏ 8 ਪਾਜ਼ੇਟਿਵ ਕੇਸਾਂ ਵਿਚੋਂ 2 ਸ਼ਹਿਰ ਬਰਨਾਲਾ, 5 ਪਿੰਡ ਨਾਈਵਾਲਾ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਅਤੇ 1 ਪਿੰਡ ਰਾਏਸਰ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਹੈ।
ਪੱਟੀ 'ਚ ਕੋਰੋਨਾ ਦੇ 7 ਪਾਜ਼ੇਟਿਵ ਕੇਸ ਆਏ
ਪੱਟੀ 18 ਜੁਨ (ਅਜੀਤ ਘਰਿਆਲਾ/ਪ੍ਰਦੀਪ): ਜ਼ਿਲ੍ਹਾ ਤਰਨਤਾਰਨ ਅਧੀਨ ਸਬ ਜੇਲ ਪੱਟੀ ਅੰਦਰ ਵੱਖ-ਵੱਖ ਕੇਸਾਂ ਵਿਚ ਬੰਦ ਮੁਲਜ਼ਮਾਂ ਦੇ ਟੈਸਟ ਸੈਂਪਲ ਲਏ ਗਏ ਅਤੇ ਸ਼ੂਗਰ ਮਿੱਲ ਵਿਚ ਬਾਹਰਲੀ ਸਟੇਟ ਤੋਂ ਲੇਬਰ ਨਾਲ ਸਬੰਧਤ 3 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਨ੍ਹਾਂ ਵਿਚੋਂ ਸ਼ੂਗਰ ਮਿੱਲ ਦੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਆਈਸੋਲੇਸ਼ਨ ਸੈਂਟਰ ਭੇਜਿਆ ਗਿਆ ਅਤੇ ਇਸ ਮੌਕੇ ਸਬ ਜੇਲ ਪੱਟੀ ਦੇ ਚਾਰ ਮੁਲਜ਼ਮਾਂ ਨੂੰ ਸਰਕਾਰੀ ਹਸਪਤਾਲ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਸਬ ਜੇਲ ਦੇ ਡੀਐਸਪੀ ਵਿਜੈ ਕੁਮਾਰ ਨੇ ਦਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਜੇਲ ਵਿਚ ਆਉਣ 'ਤੇ 14 ਦਿਨਾਂ ਬਾਅਦ ਟੈਸਟ 16 ਜੂਨ ਨੂੰ ਹੋਏ ਹਨ ਅਤੇ ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ ਜਿਸ ਵਿਚ ਇਹ ਚਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਸ਼ੂਗਰ ਮਿੱਲ ਲਹੁੱਕਾ ਵਿਚ ਤਿੰਨ ਵਿਅਤਕੀ ਗਾਜੀਆਬਾਦ ਤੋਂ ਲੇਬਰ ਲਈ ਆਏ ਸਨ। ਜਿਨ੍ਹਾਂ ਨੂੰ ਮਿੱਲ ਦੇ ਬਾਹਰ ਕੁਆਟਰਾਂ ਵਿਚ ਰਖਿਆ ਗਿਆ ਸੀ ਅਤੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਆਈਸੋਲੇਸ਼ਨ ਕਰ ਦਿਤਾ ਗਿਆ ਹੈ।
ਫ਼ਿਰੋਜ਼ਪੁਰ ਏਡੀਸੀ ਵਿਕਾਸ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ
ਫ਼ਿਰੋਜ਼ਪੁਰ, 18 ਜੂਨ (ਮੱਲ੍ਹੀ/ਕੱਕੜ) : ਜ਼ਿਲ੍ਹੇ 'ਚ ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਏਡੀਸੀ ਵਿਕਾਸ ਦੀ ਰੀਪੋਰਟ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਉਪ ਮੰਡਲ ਮਜਿਸਟਰੇਟ ਜ਼ੀਰਾ ਰਣਜੀਤ ਸਿੰਘ ਭੁੱਲਰ, ਡੀਐਸਪੀ ਜੀਰਾ ਰਾਜਵਿੰਦਰ ਸਿੰਘ ਰੰਧਾਵਾ ਅਤੇ ਹੋਰ ਉਚ ਅਧਿਕਾਰੀਆਂ ਦੀ ਹਾਜ਼ਰੀ 'ਚ ਮਖ਼ੂ ਵਿਖੇ ਹੋਏ ਇਕ ਸਮਾਗਮ ਦੌਰਾਨ ਹਾਜ਼ਰੀਨ ਨੂੰ ਕੋਰੋਨਾ ਤੋਂ ਬਚਾਅ ਲਈ ਸੁਚੇਤ ਕਰਦਿਆਂ ਕੀਤੀ। ਜ਼ਿਕਰਯੋਗ ਹੈ ਕਿ ਏਡੀਸੀ ਵਿਕਾਸ ਨੂੰ ਰੋਜ਼ਾਨਾ ਲਗਾਤਾਰ ਕਈ ਵਿਭਾਗਾਂ ਦੇ ਅਧਿਕਾਰੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਮਿਲਦੇ ਰਹਿੰਦੇ ਹਨ।
ਅਜਿਹੇ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਘਰ 'ਚ ਇਕਾਂਤਵਾਸ ਦੀ ਸਲਾਹ ਦਿਤੀ ਗਈ ਹੈ। ਜਦਕਿ ਇਸ ਅਧਿਕਾਰੀ ਦੇ ਸੰਪਰਕ 'ਚ ਆਉਣ ਵਾਲੇ ਜਨਤਕ ਨੁਮਾਇੰਦਿਆਂ 'ਚ ਇਸੇ ਦੌਰਾਨ ਚਿੰਤਾ ਪਸਰੀ ਹੋਈ ਨਜ਼ਰ ਆ ਰਹੀ ਸੀ।