
ਬੱਚਿਆਂ, ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫ਼ੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
ਚੰਡੀਗੜ੍ਹ, 18 ਜੂਨ (ਸੱਤੀ) : ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਨਵੀਂ ਪੌਸ਼ਟਿਕ ਖ਼ੁਰਾਕ ਦੀ ਸ਼ੁਰੂਆਤ ਕੀਤੀ ਗਈ |
ਐਸ.ਏ.ਐਸ. ਨਗਰ (ਮੋਹਾਲੀ) ਦੇ ਬਲਾਕ ਮਾਜਰੀ ਦੇ ਪਿੰਡ ਫ਼ਤਿਹਗੜ੍ਹ ਤੋਂ ਨਵੀਂ ਖੁਰਾਕ ਦੀ ਸ਼ੁਰੂਆਤ ਕਰਨ ਉਪਰੰਤ ਸ੍ਰੀਮਤੀ ਚੌਧਰੀ ਨੇ ਦਸਿਆ ਕਿ ਵਿਭਾਗ ਵਲੋਂ ਇਹ ਖੁਰਾਕ ਮਾਰਕਫ਼ੈੱਡ ਵਲੋਂ ਤਿਆਰ ਕਰਵਾਈ ਗਈ ਹੈ, ਜੋ 6 ਸਾਲ ਤਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਘਰਾਂ ਵਿਚ ਹੀ ਉਪਲਬਧ ਕਰਵਾਈ ਜਾਵੇਗੀ | ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਸਪਲੀਮੈਂਟਰੀ ਨਿਊਟ੍ਰੀਸ਼ਨਲ ਪ੍ਰੋਗਰਾਮ ਅਧੀਨ ਆਂਗਨਵਾੜੀ ਸੈਂਟਰਾਂ ਰਾਹੀਂ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿਤੀ ਜਾਂਦੀ ਖੁਰਾਕ ਦੇ ਪੋਸ਼ਣ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਨਵੀਂ ਰੈਸੀਪੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਸੀ |
ਉਨ੍ਹਾਂ ਦਸਿਆ ਕਿ ਇਸ ਨਵੀਂ ਖੁਰਾਕ ਵਿਚ ਵੇਸਣ, ਮੂੰਗ ਦਾਲ ਸਾਬਤ, ਸੋਇਆਬੀਨ ਦਾ ਆਟਾ ਅਤੇ ਡਬਲ ਫੋਟੀਫਾਇਡ ਨਮਕ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ | ਸਮਾਗਮ ਦੌਰਾਨ ਮੰਤਰੀ ਵਲੋਂ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੁੱਕੇ ਰਾਸ਼ਨ ਦੇ ਪੈਕਟ ਵੀ ਵੰਡੇ ਗਏ |
ਵਿਭਾਗ ਵਲੋਂ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ/ਔਰਤਾਂ ਲimageਈ ਸ਼ੁਰੂ ਕੀਤੀ ਗਈ TਉਡਾਣU ਸਕੀਮ ਬਾਰੇ ਜਾਣੂ ਕਰਵਾਉਂਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਉਡਾਣ ਸਕੀਮ ਤਹਿਤ ਲਾਭਪਾਤਰੀਆਂ ਨੂੰ 27,314 ਆਂਗਨਵਾੜੀ ਕੇਂਦਰਾਂ ਦੇ ਸੂਬਾ ਪੱਧਰੀ ਨੈਟਵਰਕ ਰਾਹੀਂ ਕਵਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਇਸ ਸਕੀਮ ਤਹਿਤ 40.55 ਕਰੋੜ ਰੁਪਏ ਸਾਲਾਨਾ ਖਰਚਣ ਦੀ ਯੋਜਨਾ ਬਣਾਈ ਹੈ |