
ਕਿਸਾਨ ਆਗੂ ਬਿਆਨਾਂ ਤੋਂ ਪਲਟੇ, ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਫ਼ੈਸਲਾ ਨਹੀਂ ਕੀਤਾ: ਡਾ. ਦਰਸ਼ਨ ਪਾਲ
ਚੰਡੀਗੜ੍ਹ, 18 ਜੂਨ (ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੀਤੇ ਦਿਨੀਂ ਕਿਸਾਨ ਆਗੂਆਂ ਦੀ ਮੀਟਿੰਗ ਵਿਚ ਪਿੰਡਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਾਈਕਾਟ ਦੇ ਕੀਤੇ ਫ਼ੈਸਲੇ ਤੋਂ ਅੱਜ ਪਲਟ ਗਏ ਹਨ। ਬੀਤੇ ਦਿਨੀਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਅਦ ਕਿਸਾਨ ਆਗੂਆਂ ਨੇ ਇਸ ਬਾਰੇ ਸਿੰਘੂ ਬਾਰਡਰ ’ਤੇ ਪ੍ਰੈਸ ਕਾਨਫ਼ਰੰਸ ਵਿਚ ਐਲਾਨ ਕੀਤਾ ਸੀ। ਪਰ ਅੱਜ ਕਿਸਾਨ ਆਗੂਆਂ ਨੇ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬਾਈਕਾਟ ਦਾ ਫ਼ੈਸਲਾ ਨਹੀਂ ਕੀਤਾ ਗਿਆ ਅਤੇ ਸਿਰਫ਼ ਸਿਆਸੀ ਆਗੂਆਂ ਨੂੰ ਕਿਸਾਨਾਂ ਦਾ ਮਸਲਾ ਹੱਲ ਹੋਣ ਤਕ ਅਪੀਲ ਕੀਤੀ ਗਈ ਸੀ। ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਬਾਈਕਾਟ ਦਾ ਕੋਈ ਫ਼ੈਸਲਾ ਹਾਲੇ ਨਹੀਂ ਲਿਆ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਜਿਨ੍ਹਾਂ ਨੇ ਬੀਤੇ ਦਿਨੀਂ ਖ਼ੁਦ ਬਾਈਕਾਟ ਦੀ ਗੱਲ ਆਖੀ ਸੀ, ਅੱਜ ਸਫ਼ਾਈ ਦਿੰਦਿਆਂ ਕਿਹਾ ਕਿ ਬਾਈਕਾਟ ਨਹੀਂ ਬਲਕਿ ਸਿਆਸੀ ਪਾਰਟੀਆਂ ਨੂੰ ਉਸ ਸਮੇਂ ਤਕ ਪਿੰਡਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ, ਜਦ ਤਕ ਖੇਤੀ ਕਾਨੂੰਨ ਰੱਦ ਹੋ ਕੇ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਚੋਣਾਂ ’ਚ ਹਾਲੇ ਸਮਾਂ ਪਿਆ ਹੈ। ਕਾਦੀਆਂ ਨੇ ਕਿਹਾ ਕਿ ਇਸ ਸਮੇਂ ਪਿੰਡਾਂ ’ਚ ਕਿਸਾਨ ਅਪਣਾ ਕੰਮ ਅੰਦੋਲਨ ਲਈ ਕਰ ਰਹੇ ਹਨ, ਜਿਸ ’ਚ ਸਿਆਸੀ ਪਾਰਟੀਆਂ ਦੀ ਹਾਲੇ ਉਥੇ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਰਕਾਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ।