
'ਅਗਨੀਪਥ' ਸਕੀਮ ਵਿਰੁਧ ਨੌਜਵਾਨਾਂ ਦੇ ਰੋਸ ਦਾ ਬੀਕੇਯੂ ਡਕੌਂਦਾ ਵਲੋਂ ਸਮਰਥਨ
ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ) : ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਫ਼ੌਜ ਦੇ ਤਿੰਨਾਂ ਅੰਗਾਂ ਵਿਚ ਠੇਕਾ ਭਰਤੀ ਪ੍ਰਕਿਰਿਆ ਨੂੰ ਅਗਨੀਵੀਰ ਸਕੀਮ ਦੇ ਨਾਂ ਹੇਠ ਸ਼ੁਰੂ ਕਰਨ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ | ਕਿਸਾਨ ਜਥੇਬੰਦੀਆਂ ਨੇ ਇਸ ਸਕੀਮ ਵਿਰੁਧ ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨਾਂ ਦੇ ਫੁੱਟੇ ਗੁੱਸੇ ਅਤੇ ਸੰਘਰਸ਼ ਦਾ ਸਮਰਥਨ ਕਰਦਿਆਂ ਮੋਦੀ ਹਕੂਮਤ ਨੂੰ ਘੱਟ ਗਿਣਤੀਆਂ ਅਤੇ ਅਪਣੇ ਸਿਆਸੀ ਵਿਰੋਧੀਆਂ ਵਿਰੁਧ ਅਪਣਾਈ ਬੁਲਡੋਜ਼ਰ ਫਾਸੀਵਾਦ ਦੀ ਨੀਤੀ ਨੂੰ ਬੰਦ ਕਰ ਕੇ ਦੇਸ਼ ਦੇ ਲੱਖਾਂ-ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮੁਹਈਆ ਕਰਵਾਉਣ ਦੇ ਨਾਲ-ਨਾਲ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਵਲ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿਤੀ ਹੈ |
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਉੱਪਲ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਰਾਮਿੰਦਰ ਸਿੰਘ ਪਟਿਆਲਾ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਕੁੱਲ ਹਿੰਦ ਕਿਸਾਨ ਸਭਾ ਦੇ ਬਲਦੇਵ ਸਿੰਘ ਨਿਹਾਲਗੜ੍ਹ, ਇੰਡੀਅਨ ਫ਼ਾਰਮਰਜ਼ ਐਸੋਸੀਏਸ਼ਨ ਦੇ ਸਤਨਾਮ ਸਿੰਘ ਬਹਿਰੂ, ਬੀਕੇਯੂ (ਕਾਦੀਆਂ) ਦੇ ਹਰਮੀਤ ਸਿੰਘ ਕਾਦੀਆਂ, ਬੀਕੇਯੂ ਦੋਆਬਾ ਦੇ ਮਨਜੀਤ ਸਿੰਘ ਰਾਏ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ ਦੇ ਕਿਸਾਨਾਂ-ਮਜ਼ਦੂਰਾਂ ਸਮੇਤ ਕਰੋੜਾਂ ਮਿਹਨਤਕਸ਼ ਲੋਕਾਂ ਵਿਰੁਧ ਕਾਰਪੋਰੇਟ ਦੇ ਹਿਤਾਂ ਅਤੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਆਰਥਕ ਹਮਲਾ ਵਿਢਿਆ ਹੋਇਆ | ਦੂਸਰੇ ਪਾਸੇ ਲੋਕਾਂ ਨੂੰ ਆਪਸ ਵਿਚ ਵੰਡਣ ਲਈ ਫਿਰਕੂ ਜ਼ਹਿਰ ਲਗਾਤਾਰ ਫੈਲਾਇਆ ਜਾ ਰਿਹਾ ਹੈ |
ਅਪਣੇ ਕਾਰਪੋਰੇਟ ਏਜੰਡੇ ਨੂੰ ਅਗਨੀਵੀਰ ਵਰਗੇ ਵੱਖ ਵੱਖ ਲਕਬਾਂ ਰਾਹੀਂ ਢਕਣ ਦੇ ਯਤਨਾਂ ਨੂੰ ਦੇਸ਼ ਦਾ ਨੌਜਵਾਨ ਭਲੀ ਭਾਂਤ ਸਮਝ ਰਿਹਾ | ਫ਼ੌਜ ਵਿਚਲੇ ਪੱਕੇ ਰੁਜ਼ਗਾਰ ਦੇ ਮੌਕੇ ਵੀ ਠੇਕੇਦਾਰੀ ਸਿਸਟਮ ਦੀ ਭੇਟ ਕਰਨ ਵਿਰੁਧ ਉਨ੍ਹਾਂ ਦਾ ਗੁੱਸਾ ਸੰਘਰਸ਼ ਅਤੇ ਰੋਹ ਦੀ ਸੁਨਾਮੀ ਬਣ ਕੇ ਵਧ ਰਿਹਾ ਹੈ |