
ਲੁਧਿਆਣਾ ਪੁਲਿਸ ਨੇ ਚਾਰ ਦਿਨਾਂ 'ਚ ਸੁਲਝਾਈ ਕਤਲ ਦੀ ਗੁੱਥੀ
ਲੁਧਿਆਣਾ, 18 ਜੂਨ (ਆਰ.ਪੀ ਸਿੰਘ) : ਪਤਨੀ ਬਾਰੇ ਅਸ਼ਲੀਲ ਸ਼ਬਦ ਸੁਣ ਕੇ ਵਿਅਕਤੀ ਇਸ ਕਦਰ ਗੁੱਸੇ ਵਿਚ ਆ ਗਿਆ ਕਿ ਉਸ ਨੇ ਸੁੱਤੇ ਪਏ ਦੋਸਤ ਉਪਰ ਗੰਡਾਸੇ ਨਾਲ ਵਾਰ ਕੀਤੇ ਅਤੇ ਉਸ ਨੂੰ ਮੌਕੇ 'ਤੇ ਹੀ ਮਾਰ ਦਿਤਾ | ਕਤਲ ਦੇ ਚਾਰ ਦਿਨਾਂ ਬਾਅਦ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਦੁੱਗਰੀ ਦੀ ਪੁਲਿਸ ਨੇ ਮੁਲਜ਼ਮ ਅਨੂਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਇੰਚਾਰਜ ਨੀਰਜ ਚੌਧਰੀ ਨੇ ਦਸਿਆ ਕਿ ਮਿ੍ਤਕ ਕੁਲਦੀਪ ਸਿੰਘ (29) ਕੋਰਟ ਕੰਪਲੈਕਸ ਵਿਚ ਛੋਟੇ ਮੋਟੇ ਕੰਮ ਕਰਦਾ ਸੀ | ਕੋਰਟ ਕੰਪਲੈਕਸ ਤੋਂ ਆਉਣ ਤੋਂ ਬਾਅਦ ਉਹ ਛੋਟੀ ਜਵੱਦੀ ਦੇ ਕੋਲ ਪੈਂਦੇ ਚਾਹ ਦੇ ਖੋਖੇ ਦੇ ਕੋਲ ਸੌਂ ਜਾਂਦਾ ਸੀ | 14 ਜੂਨ ਨੂੰ ਜਵੱਦੀ ਇਲਾਕੇ ਦੇ ਹੀ ਰਹਿਣ ਵਾਲੇ ਕੁਲਦੀਪ ਦੇ ਚਾਚੇ ਗੁਰਮੀਤ ਸਿੰਘ ਭੱਟੀ ਨੇ ਇਤਲਾਹ ਦਿਤੀ ਕਿ ਚਾਹ ਵਾਲੇ ਖੋਖੇ ਦੇ ਕੋਲ ਉਸ ਦੇ ਭਤੀਜੇ ਕੁਲਦੀਪ ਦੀ ਲਾਸ਼ ਪਈ ਹੋਈ ਹੈ | ਉਸ ਨੇ ਦਸਿਆ ਕਿ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ | ਸੂਚਨਾ ਤੋਂ ਬਾਅਦ ਥਾਣਾ ਦੁੱਗਰੀ ਦੇ ਇੰਚਾਰਜ ਨੀਰਜ ਚੌਧਰੀ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ | ਪੁਲਿਸ ਨੇ ਤਫਤੀਸ਼ ਦੌਰਾਨ ਦੇਖਿਆ ਕਿ ਮਿ੍ਤਕ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਹਨ |
ਪੁਲਿਸ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕੁਲਦੀਪ ਅਕਸਰ ਰਾਤ ਵੇਲੇ ਅਪਣੇ ਦੋਸਤ ਸੋਨੂੰ ਅਤੇ ਛੋਟੀ ਜਵੱਦੀ ਦੇ ਹੀ ਰਹਿਣ ਵਾਲੇ ਅਨੂਪ ਸਿੰਘ ਉਰਫ ਨਿੱਕਾ ਨਾਲ ਸ਼ਰਾਬ ਪੀਂਦਾ ਸੀ | ਉਸ ਰਾਤ ਵੀ ਕੁੱਝ ਅਜਿਹਾ ਹੀ ਹੋਇਆ | ਤਿੰਨਾਂ ਨੇ ਬੈਠ ਕੇ ਨਹਿਰ ਦੇ ਕੰਢੇ ਸ਼ਰਾਬ ਪੀਤੀ | ਸ਼ਰਾਬ ਦੇ ਸਾਂਝੇ ਖ਼ਰਚੇ 'ਚੋਂ 50 ਰੁਪਏ ਦੇ ਫ਼ਰਕ ਨੂੰ ਲੈ ਕੇ ਕੁਲਦੀਪ ਅਤੇ ਸੋਨੂੰ ਦੇ ਵਿਚਕਾਰ ਝਗੜਾ ਹੋ ਗਿਆ | ਦੋਵੇਂ ਇਕ ਦੂਸਰੇ ਨਾਲ ਗਾਲੀ ਗਲੋਚ ਤੇ ਹੱਥੋਪਾਈ ਕਰਨ ਲੱਗ ਪਏ |
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਅਨੂਪ ਸਿੰਘ ਦੋਵਾਂ ਨੂੰ ਝਗੜਾ ਕਰਨ ਤੋਂ ਰੋਕ ਰਿਹਾ ਸੀ | ਇਸੇ ਦੌਰਾਨ ਕੁਲਦੀਪ ਨੇ ਅਨੂਪ ਦੀ ਪਤਨੀ ਦੇ ਬਾਰੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿਤੇ | ਲੋਕਾਂ ਨੇ ਝਗੜਾ ਛੁਡਵਾਇਆ ਅਤੇ ਤਿੰਨੋਂ ਉੱਥੋਂ ਚਲੇ ਗਏ | ਕੁਲਦੀਪ ਕੋਲੋਂ ਪਤਨੀ ਬਾਰੇ ਅਪਸ਼ਬਦ ਸੁਣ ਕੇ ਅਨੂਪ ਬਹੁਤ ਬੇਚੈਨ ਹੋ ਚੁਕਾ ਸੀ |
ਥਾਣਾ ਦੁੱਗਰੀ ਦੇ ਮੁਖੀ ਨੀਰਜ ਚੌਧਰੀ ਨੇ ਦਸਿਆ ਕਿ ਘਰ ਜਾ ਕੇ ਅਨੂਪ ਨੇ ਫਿਰ ਤੋਂ ਸ਼ਰਾਬ ਪੀਤੀ | ਬੁਰੀ ਤਰ੍ਹਾਂ ਗੁੱਸੇ ਵਿਚ ਆਏ ਮੁਲਜ਼ਮ ਨੇ ਘਰੋਂ ਗੰਡਾਸੀ ਚੁੱਕੀ ਅਤੇ ਫਿਰ ਤੋਂ ਜਵੱਦੀ ਨਹਿਰ ਤੇ ਆ ਗਿਆ | ਅਨੂਪ ਚਾਹ ਵਾਲੇ ਖੋਖੇ ਦੇ ਕੋਲ ਪਹੁੰਚਿਆ ਅਤੇ ਸੁੱਤੇ ਪਏ ਕੁਲਦੀਪ ਉੱਪਰ ਗੰਡਾਸੇ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ | ਪੁਲਿਸ ਨੇ ਨਾਕਾਬੰਦੀ ਕਰ ਕੇ ਅਨੂਪ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਮੁਲਜ਼ਮ ਕੋਲੋਂ ਵਧੇਰੇ ਪੁਛਗਿਛ ਕਰ ਰਹੀ ਹੈ |