
ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਅਤਿਵਾਦੀ ਹਮਲਾ; ਦੋ ਦੀ ਮੌਤ, 7 ਜ਼ਖ਼ਮੀ
ਦੋ ਸਾਲ ਪਹਿਲਾਂ ਵੀ ਇਕ ਹੋਰ ਗੁਰਦੁਆਰਾ ਸਾਹਿਬ 'ਤੇ ਹੋਇਆ ਸੀ ਹਮਲਾ
ਨਵੀਂ ਦਿੱਲੀ, 18 ਜੂਨ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ 'ਕਰਤੇ ਪ੍ਰਵਾਨ' ਵਿਚ ਅੱਜ ਸਵੇਰੇ ਆਈਐਸਆਈਐਸ (ਖ਼ੁਰਾਸਾਨ) ਨਾਲ ਸਬੰਧਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿਤਾ | ਗੁਰਦੁਆਰੇ ਵਿਚ ਤਿੰਨ ਧਮਾਕੇ ਕੀਤੇ ਗਏ ਹਨ ਤੇ ਦੋ ਜਣਿਆਂ ਦੀ ਮੌਤ ਹੋਈ ਹੈ ਤੇ ਸੱਤ ਜਣੇ ਜ਼ਖ਼ਮੀ ਹੋਏ ਹਨ | ਕੱੁਝ ਮਹਿਲਾਵਾਂ ਦੇ ਪੈਰਾਂ ਵਿਚ ਧਮਾਕੇ ਕਾਰਨ ਛੱਰੇ ਲੱਗੇ ਹਨ ਜਿਸ ਕਾਰਨ ਉਹ ਜ਼ਖ਼ਮੀ ਹੋ ਗਈਆਂ | ਇਸ ਦੌਰਾਨ ਅਫ਼ਗ਼ਾਨਿਸਤਾਨ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਬਦੁਲ ਨਫ਼ੀ ਟਾਕੋਰ ਨੇ ਗੁਰਦੁਆਰੇ 'ਤੇ ਹੋਏ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਮਾਰ ਦਿਤਾ ਗਿਆ ਹੈ | ਚਸ਼ਮਦੀਦਾਂ ਮੁਤਾਬਕ ਧਮਾਕੇ ਕਾਰਨ ਅਸਮਾਨ ਵਿਚ ਧੂੰਏਾ ਦਾ ਗੁਬਾਰ ਫੈਲ ਗਿਆ | ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿਤਾ ਗਿਆ |
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਦੀ ਫ਼ੌਜ ਤੇ ਹਮਲਾਵਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਇਕ ਸਿੱਖ ਵਿਅਕਤੀ ਦੀ ਮੌਤ ਹੋਈ ਹੈ ਤੇ ਆਈਈਏ ਦੇ ਇਕ ਜਵਾਨ ਦੀ ਵੀ ਮੌਤ ਹੋਈ ਹੈ | ਇਸੇ ਦੌਰਾਨ ਸੱਤ ਜਣੇ ਜ਼ਖ਼ਮੀ ਹੋਏ ਹਨ | ਅਫ਼ਗ਼ਾਨਿਸਤਾਨ ਦੀ ਫ਼ੌਜ ਤੇ ਹਮਲਾਵਰਾਂ ਵਿਚਾਲੇ ਲੜਾਈ ਖ਼ਤਮ ਹੋ ਗਈ ਹੈ | ਹਮਲੇ 'ਚ ਇਕ ਸਿੱਖ ਅਤੇ ਇਕ ਅਫ਼ਗ਼ਾਨੀ ਹਿੰਦੂ ਵਿਅਕਤੀ ਦੀ ਮੌਤ ਹੋਈ ਹੈ | ਸਿੱਖ ਦੀ ਪਛਾਣ ਸਵਿੰਦਰ ਸਿੰਘ ਵਜੋਂ ਹੋਈ ਹੈ |
ਇੰਡੀਅਨ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਟਵੀਟ ਕੀਤਾ ਹੈ ਕਿ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਦੇ ਘਰ ਪਹੁੰਚਾਇਆ ਗਿਆ ਹੈ | ਵੇਰਵਿਆਂ ਅਨੁਸਾਰ ਕਾਬੁਲ ਵਿਚ ਰਹਿ ਰਹੇ ਸਿੱਖਾਂ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨੇ ਫ਼ੋਨ 'ਤੇ ਇਸ ਹਮਲੇ ਬਾਰੇ ਜਾਣਕਾਰੀ ਦਿਤੀ | ਇਸੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਉਨ੍ਹਾਂ ਨੇ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ |
ਮੈਨੇਜਰ ਅਨੁਸਾਰ ਇਹ ਹਮਲਾ ਸਵੇਰੇ 6 ਵਜੇ ਉਸ ਸਮੇਂ ਹੋਇਆ ਜਦੋਂ ਗੁਰਦੁਆਰੇ ਦਾ ਗ੍ਰੰਥੀ 'ਪ੍ਰਕਾਸ਼' ਕਰਨ ਲਈ ਗੁਰਦੁਆਰੇ ਵਿਚ ਦਾਖ਼ਲ ਹੋ ਰਿਹਾ ਸੀ | ਹਮਲਾਵਰਾਂ ਨੇ ਗੁਰਦੁਆਰੇ ਵਿਚ ਧਮਾਕਾ ਵੀ ਕੀਤਾ | ਇੰਡੀਅਨ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਵੀ ਦਸਿਆ ਕਿ ਮੈਨੇਜਰ ਗੁਰਨਾਮ ਸਿੰਘ ਅਨੁਸਾਰ ਗੁਰਦੁਆਰੇ 'ਤੇ ਵੱਡਾ ਹਮਲਾ ਹੋਇਆ ਹੈ | ਖ਼ਬਰ ਏਜੰਸੀ ਅਨੁਸਾਰ ਹਮਲੇ ਵੇਲੇ ਗੁਰਦੁਆਰੇ ਵਿਚ 30 ਲੋਕ ਸਨ |
ਜ਼ਿਕਰਯੋਗ ਹੈ ਕਿ ਗੁਰਦੁਆਰਾ ਕਰਤਾ ਪਰਵਾਨ ਕਾਬੁਲ ਵਿਚ ਸਿੱਖ ਭਾਈਚਾਰੇ ਦਾ ਕੇਂਦਰੀ ਗੁਰਦੁਆਰਾ ਹੈ | ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਘੱਟੋ-ਘੱਟ 150 ਅਫ਼ਗ਼ਾਨ ਸਿੱਖ ਅਜੇ ਵੀ ਦੇਸ਼ ਵਿਚ ਫਸੇ ਹੋਏ ਹਨ | ਉਹ ਪਿਛਲੇ ਕੱੁਝ ਮਹੀਨਿਆਂ ਤੋਂ ਭਾਰਤ ਤੋਂ ਵੀਜ਼ਾ ਮੰਗ ਰਹੇ ਸਨ | ਪਿਛਲੇ ਅਕਤੂਬਰ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਕੱੁਝ ਮਹੀਨਿਆਂ ਬਾਅਦ, ਅਣਪਛਾਤੇ ਬੰਦੂਕਧਾਰੀਆਂ ਨੇ ਗੁਰਦੁਆਰਾ ਕਰਤੇ ਪਰਵਾਨ ਵਿਚ ਧਾਵਾ ਬੋਲਿਆ ਅਤੇ ਜਾਇਦਾਦ ਦੀ ਭੰਨਤੋੜ ਕੀਤੀ | ਉਦੋਂ ਤੋਂ ਹੀ ਅਫ਼ਗ਼ਾਨ ਸਿੱਖ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |
ਦਸਣਯੋਗ ਹੈ ਕਿ ਇਸੇ ਤਰ੍ਹਾਂ 2 ਸਾਲ ਪਹਿਲਾਂ ਵੀ ਕਾਬੁਲ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ 'ਚ 25 ਲੋਕਾਂ ਦੀ ਮੌਤ ਹੋ ਗਈ ਸੀ | 25 ਮਾਰਚ 2020 ਨੂੰ ਆਈਐਸਆਈਐਸ-ਹੱਕਾਨੀ ਨੈੱਟਵਰਕ ਦੇ ਬੰਦੂਕਧਾਰੀਆਂ ਅਤੇ ਫਿਦਾਇਨ ਹਮਲਾਵਰਾਂ ਨੇ ਕਾਬੁਲ ਦੇ ਗੁਰਦੁਆਰਾ ਹਰ ਰਾਏ ਸਾਹਿਬ 'ਤੇ ਹਮਲਾ ਕੀਤਾ ਸੀ | ਉਸ ਸਮੇਂ ਗੁਰਦੁਆਰੇ 'ਚ 200 ਦੇ ਕਰੀਬ ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 25 ਲੋਕਾਂ ਦੀ ਮੌਤ ਹੋ ਗਈ ਸੀ | ਮਰਨ ਵਾਲਿਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ | (ਏਜੰਸੀ)