
500 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ!
: ਗ੍ਰੀਸ ਵਿਚ ਪਿਛਲੇ ਹਫ਼ਤੇ ਹੋਏ ਭਿਆਨਕ ਕਿਸ਼ਤੀ ਹਾਦਸੇ ਵਿਚ ਘੱਟੋ-ਘੱਟ 300 ਪਾਕਿਸਤਾਨੀ ਸ਼ਰਨਾਰਥੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਸ ਭਿਆਨਕ ਹਾਦਸੇ ਤੋਂ ਬਾਅਦ ਦੇਸ਼ ਦੇ ਸਮਾਜ ਸੇਵੀਆਂ ਨੇ ਸਵਾਲ ਉਠਾਇਆ ਹੈ ਕਿ ਦੇਸ਼ ਦੀਆਂ ਮਾੜੀਆਂ ਨੀਤੀਆਂ ਅਤੇ ਬਰਬਾਦ ਹੋਈ ਆਰਥਿਕਤਾ ਨੇ ਅਜਿਹੀ ਸਥਿਤੀ ਪੈਦਾ ਕਰ ਦਿਤੀ ਹੈ ਕਿ ਪਾਕਿਸਤਾਨੀਆਂ ਨੂੰ ਸ਼ਰਨਾਰਥੀ ਬਣ ਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈਣ ਲਈ ਅਪਣੀ ਜਾਨ ਦੀ ਬਾਜ਼ੀ ਲਾਉਣੀ ਪੈ ਰਹੀ ਹੈ।
ਇਹ ਵੀ ਪੜ੍ਹੋ: ਕੀਰਤਪੁਰ-ਮਨਾਲੀ ਹਾਈਵੇਅ ਨੂੰ ਚੌੜਾ ਕਰਨ ਦਾ ਮਾਮਲਾ: NHAI ਨੇ ਕਬਜ਼ਾ ਕਰਨ ਵਾਲਿਆਂ ਨੂੰ ਭੁਗਤਾਨ ਕੀਤੇ 5 ਕਰੋੜ ਰੁਪਏ
ਰਿਪੋਰਟ ਮੁਤਾਬਕ ਹੁਣ ਤੱਕ 27 ਪਾਕਿਸਤਾਨੀ ਸ਼ਰਨਾਰਥੀਆਂ ਦੀਆਂ ਲਾਸ਼ਾਂ ਸਮੁੰਦਰ 'ਚੋਂ ਕੱਢੀਆਂ ਜਾ ਚੁੱਕੀਆਂ ਹਨ, ਜਦੋਂ ਕਿ ਇਸ ਹਾਦਸੇ 'ਚ ਕਿਸ਼ਤੀ 'ਤੇ ਸਵਾਰ ਘੱਟੋ-ਘੱਟ 300 ਪਾਕਿਸਤਾਨੀ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਹੁਣ ਤੱਕ 12 ਪਾਕਿਸਤਾਨੀਆਂ ਨੂੰ ਜ਼ਿੰਦਾ ਬਾਹਰ ਕੱਢਿਆ ਜਾ ਚੁੱਕਾ ਹੈ। ਗ੍ਰੀਸ ਕਿਸ਼ਤੀ ਹਾਦਸੇ ਦੇ ਚਾਰ ਦਿਨ ਬਾਅਦ ਵੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ: ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜੁਆਨ ਦੀ ਮੌਤ
ਬਚਾਏ ਗਏ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸ਼ਤੀ ਮੱਛੀ ਫੜਨ ਵਾਲੀ ਕਿਸ਼ਤੀ ਸੀ, ਜਿਸ ਵਿਚ 750 ਤੋਂ ਵੱਧ ਲੋਕ ਸਵਾਰ ਸਨ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਤੱਕ ਸਿਰਫ 104 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਸ਼ਤੀ ਡੁੱਬਣ ਵਾਲਿਆਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਹਨਾਂ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ ਹਨ। ਸ਼ਰੀਫ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੋ ਲੋਕ ਆਪਣੇ ਫਰਜ਼ ਪ੍ਰਤੀ ਲਾਪਰਵਾਹੀ ਕਰਦੇ ਪਾਏ ਗਏ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਜਾਂਚ ਤੋਂ ਬਾਅਦ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ।