
ਪੁਰਾਣੀ ਰੰਜਿਸ਼ ਦੇ ਚਲਦੇ ਦਿਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ : ਸੂਆ ਰੋਡ 'ਤੇ ਸਥਿਤ ਇੰਦਰਾ ਪਾਰਕ 'ਚ ਇਕ ਨੌਜੁਆਨ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਨੌਜੁਆਨ ਦੀ ਤੇਜ਼ਧਾਰ ਹਥਿਆਰਾਂ ਨਾਲ ਹਤਿਆ ਕਰਨ ਤੋਂ ਬਾਅਦ ਲਾਸ਼ ਪਾਰਕ 'ਚ ਸੁੱਟ ਦਿਤੀ ਗਈ ਹੈ। ਮ੍ਰਿਤਕ ਦਾ ਨਾਂ ਲਾਲੂ ਦਸਿਆ ਜਾ ਰਿਹਾ ਹੈ। ਲਾਲੂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਰਹਿਣ ਵਾਲਾ ਸੀ। ਉਹ ਚਾਰ ਮਹੀਨੇ ਪਹਿਲਾਂ ਕੰਮ ਦੀ ਭਾਲ ਵਿਚ ਮਹਾਨਗਰ ਆਇਆ ਸੀ।
ਮੱਕੜ ਕਲੋਨੀ ਦੀ ਗਲੀ ਨੰਬਰ-5 ਵਿਚ ਲਾਲੂ ਅਪਣੇ ਛੋਟੇ ਭਰਾ ਅਤੇ ਪਿਤਾ ਨਾਲ ਰਹਿੰਦਾ ਸੀ ਅਤੇ ਘਰ ਦੇ ਨੇੜੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਮ੍ਰਿਤਕ 'ਤੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਸੀ। ਮ੍ਰਿਤਕ ਦੇ ਭਰਾ ਛੋਟੂ ਨੇ ਦਸਿਆ ਕਿ ਲਾਲੂ ਦੋ ਦਿਨਾਂ ਤੋਂ ਕਮਰੇ 'ਚ ਨਹੀਂ ਆ ਰਿਹਾ ਸੀ। ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਸਨ। ਅੱਜ ਸਵੇਰੇ ਇੰਦਰਾ ਪਾਰਕ ਵਿਚ ਕੁਝ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿਤਾ ਅਤੇ ਮੌਕੇ 'ਤੇ ਹੀ ਮਾਰ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਲਈ ਇਕ ਘਰਾਣੇ ਜਾਂ ਖ਼ਾਸ ਚੈਨਲ ਨੂੰ ਹੀ ਪਹਿਲ ਕਿਉਂ : ਡਾ. ਇੰਦਰਬੀਰ ਸਿੰਘ ਨਿੱਜਰ
ਬਦਮਾਸ਼ਾਂ ਨੂੰ ਭੱਜਦੇ ਦੇਖ ਘਟਨਾ ਦਾ ਪਤਾ ਲਗਦਿਆਂ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕਤਲ ਦੀ ਸੂਚਨਾ ਤੋਂ ਬਾਅਦ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਜੋ ਕਤਲ ਨਾਲ ਸਬੰਧਤ ਸਬੂਤ ਇਕੱਠੇ ਕਰਨ ਵਿਚ ਜੁਟੀ ਹੋਈ ਹੈ। ਜਿਸ ਜਗ੍ਹਾ ਪਾਰਕ ਵਿਚ ਮ੍ਰਿਤਕ ਦੀ ਲਾਸ਼ ਪਈ ਮਿਲੀ ਉਥੋਂ ਥੋੜ੍ਹੀ ਦੂਰ ਪੁਲਿਸ ਨੂੰ ਨੌਜਵਾਨ ਦੀ ਉਂਗਲ ਕੱਟੀ ਹੋਈ ਮਿਲੀ। ਮ੍ਰਿਤਕ ਦੇ ਭਰਾ ਨੇ ਦਸਿਆ ਕਿ ਹਮਲਾਵਰਾਂ ਨੇ ਦੇਰ ਰਾਤ ਵੀ ਘਰ 'ਤੇ ਹਮਲਾ ਕੀਤਾ ਸੀ ਪਰ ਇਸ ਦੌਰਾਨ ਜਦੋਂ ਲਾਲੂ ਘਰ ਨਹੀਂ ਮਿਲਿਆ ਤਾਂ ਦੋਸ਼ੀ ਉਥੋਂ ਫ਼ਰਾਰ ਹੋ ਗਏ। ਅੱਜ ਸੂਚਨਾ ਮਿਲੀ ਕਿ ਉਸ ਦੀ ਲਾਸ਼ ਇੰਦਰਾ ਪਾਰਕ ਵਿਚ ਪਈ ਹੈ।