
ਗੁਰਦੁਆਰਾ ਐਕਟ 1925 ਨੂੰ ਪਹਿਲਾਂ ਵੀ ਤੋੜਨ ਦਾ ਬਹੁਤ ਯਤਨ ਕੀਤਾ ਗਿਆ ਸੀ
ਮੁਹਾਲੀ (ਰਮਨਦੀਪ ਕੌਰ/ਨਵਜੋਤ ਸਿੰਘ ਧਾਲੀਵਾਲੇ) : ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਟੈਂਡਰ ਕੱਢਿਆ ਸੀ ਜਿਸ ਵਿਚ ਸਾਰੇ ਚੈਨਲਾਂ ਨੂੰ ਖੁੱਲ੍ਹਾ ਸੱਦਾ ਦਿਤਾ ਗਿਆ ਸੀ। ਕਿਹਾ ਗਿਆ ਸੀ ਕਿ ਬਿਨ੍ਹਾਂ ਕਿਸੇ ਇਸ਼ਤਿਹਾਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਲਈ ਜਿਹੜਾ ਚੈਨਲ ਸਾਹਮਣੇ ਆਵੇਗਾ ਉਸ ਨੂੰ ਇਹ ਅਧਿਕਾਰ ਦੇ ਦਿਤਾ ਜਾਵੇਗਾ। ਇਹ ਇਕੱਲਾ ਆਮ ਆਦਮੀ ਪਾਰਟੀ ਦਾ ਏਜੰਡਾ ਨਹੀਂ ਹੈ। ਇਸ ਵਿਚ ਜਿਹੜੀ ਗਹਿਰੀ ਸਾਜਿਸ਼ ਹੈ ਉਸ ਪਿੱਛੇ ਉਹ ਲੋਕ ਹਨ ਜੋ ਹਰ ਚੀਜ਼ ’ਚ ਮਿਲਾਵਟ ਕਰਨਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਕੱਲ੍ਹ ਨੂੰ ਇਹ ਸਵਾਲ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਪਹਿਰਾਵਾਂ ਮਿਲਦਾ-ਜੁਲਦਾ ਹੈ ਇਸ ਵਿਚ ਵੀ ਬਦਲ ਹੋਣਾ ਚਾਹੀਦਾ ਹੈ।
ਅੱਜ ਤੱਕ ਜਿਸ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਚਲ ਰਿਹਾ ਸੀ ਉਸ ਵਿਚ ਕਦੇ ਪ੍ਰਸਾਰਣ ਵੇਲੇ ਕੋਈ ਇਸ਼ਤਿਹਾਰ ਨਹੀਂ ਆਇਆ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ’ਚ ਲਿਆਉਣ ਲਈ ਗੁਰਦੁਆਰਾ ਐਕਟ 1925 ਬਣਿਆ। ਹੁਣ ਇਸ ਵਿਚ ਜਾਣਬੁੱਝ ਕੇ ਟੰਗ ਅੜਾਉਣੀ ਕਿ ਵਿਧਾਨ ਸਭਾ ਵਿਚ ਮਤਾ ਲਿਆਵਾਂਗੇ। ਮਤੇ ਤਾਂ ਕਈ ਆਉਂਦੇ ਹਨ। ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਵੀ ਮਤੇ ਲੈ ਕੇ ਆਏ ਹਾਂ ਤੇ ਸਾਡੇ ਵਿਰੋਧੀ ਵੀ ਲੈ ਕੇ ਆਏ ਹਨ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਦਿਤਾ ਜਾਵੇ। ਕੀ ਇਹ ਮਤੇ ਸਾਡੇ ਮੰਨ ਲਏ ਗਏ?
ਕਰਨੈਲ ਸਿੰਘ ਨੇ ਕਿਹਾ ਕਿ ਆਲ ਇੰਡੀਆ ਰੇਡੀਓ ’ਤੇ ਤੁਸੀਂ ਅੱਜ ਵੀ ਸਵੇਰੇ ਗੁਰਬਾਣੀ ਦਾ ਸਵਰਣ ਕਰਦੇ ਹੋ ਉਸ ’ਤੇ ਕਿਸੇ ਨੇ ਉਂਗਲੀ ਕਿਉਂ ਨਹੀਂ ਉਠਾਈ? ਪੀਟੀਸੀ ਤੋਂ ਪਹਿਲਾ ਦੋ ਨਿਊਜ਼ ਚੈਨਲ ਹੋਦ ਵਿਚ ਆਏ ਸਨ ਜਿਹਨਾਂ ਨੇ ਕੁੱਝ ਸਮੇਂ ਬਾਅਦ ਹੱਥ ਖੜ੍ਹੇ ਕਰ ਦਿਤੇ ਸਨ ਕਿ ਅਸੀਂ ਬਿਨ੍ਹਾਂ ਇਸ਼ਤਿਹਾਰ ਤੋਂ ਗੁਰਬਾਣੀ ਦਾ ਪ੍ਰਸਾਰ ਨਹੀਂ ਕਰ ਸਕਦੇ। ਇਸ ਤੋਂ ਬਾਅਦ ਪੀਟੀਸੀ ਨੇ ਬਿਨ੍ਹਾਂ ਇਸ਼ਤਿਹਾਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨਾ ਸ਼ੁਰੂ ਕਰ ਦਿਤਾ। ਗੁਰਦੁਆਰਾ ਐਕਟ 1925 ਨੂੰ ਪਹਿਲਾਂ ਵੀ ਤੋੜਨ ਦਾ ਬਹੁਤ ਯਤਨ ਕੀਤਾ ਗਿਆ ਸੀ।