
ਕਿਹਾ, ਸਰਕਾਰ ਪੰਜਾਬ ਦੇ ਭਲੇ ਲਈ ਜੋ ਵੀ ਫ਼ੈਸਲਾ ਲਵੇਗੀ, ਉਸ ਦਾ ਸਵਾਗਤ ਕਰਾਂਗੇ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ/ਕਮਲਜੀਤ ਕੌਰ): ਗੁਰਬਾਣੀ ਪ੍ਰਸਾਰਣ ਦੇ ਮੁੱਦੇ ’ਤੇ ਅਕਾਲੀ ਦਲ ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਗੁਰਬਾਣੀ ਆਜ਼ਾਦ ਹੋਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਮੁਫ਼ਤ ਸੁਣਨ ਨੂੰ ਮਿਲਣੀ ਚਾਹੀਦੀ ਹੈ ਪਰ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਮਨਪ੍ਰੀਤ ਇਯਾਲੀ ਨੇ ਦਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਵੀ ਗੱਲ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕੀ ਫ਼ੌਜ 'ਚ ਭਰਤੀ ਹੋਇਆ 19 ਸਾਲਾ ਪੰਜਾਬੀ ਨੌਜੁਆਨ, ਪਿੰਡ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ
ਉਨ੍ਹਾਂ ਦਸਿਆ ਕਿ ਐਸ.ਜੀ.ਪੀ.ਸੀ. ਵਲੋਂ ਇਕ ਸਬ-ਕਮੇਟੀ ਬਣਾਈ ਗਈ ਹੈ, ਜਿਸ ਵਲੋਂ ਟੈਂਡਰ ਮੰਗੇ ਜਾ ਰਹੇ ਹਨ। ਇਸ ਵਿਚ ਪਹਿਲੀ ਸ਼ਰਤ ਹੈ ਕਿ ਜਿਸ ਚੈਨਲ ਨੂੰ ਵੀ ਇਹ ਟੈਂਡਰ ਮਿਲੇਗਾ, ਉਹ ਦੁਨੀਆਂ ਭਰ ਵਿਚ ਗੁਰਬਾਣੀ ਪ੍ਰਸਾਰਣ ਮੁਫ਼ਤ ਕਰੇਗਾ। ਮਨਪ੍ਰੀਤ ਇਯਾਲੀ ਨੇ ਅੱਗੇ ਕਿਹਾ ਕਿ ਕਿਸੇ ਵਿਅਕਤੀ ਜਾਂ ਸਰਕਾਰ ਨੂੰ ਗੁਰੂ ਘਰ ਨਾਲ ਮੱਥਾ ਨਹੀਂ ਲਗਾਉਣਾ ਚਾਹੀਦਾ। ਜੇਕਰ ਸਰਕਾਰ ਕੋਈ ਸੋਧ ਕਰਨਾ ਚਾਹੁੰਦੀ ਹੈ ਤਾਂ ਉਹ ਲੋਕਾਂ ਦੀ ਭਲਾਈ ਦੀ ਭਾਵਨਾ ਨਾਲ ਹੋਣੀ ਚਾਹੀਦੀ ਹੈ, ਕਿਸੇ ਨਿਜੀ ਰੰਜਿਸ਼ ਕਾਰਨ ਨਹੀਂ। ਸਰਕਾਰ ਪੰਜਾਬ ਦੇ ਭਲੇ ਲਈ ਜੋ ਵੀ ਫ਼ੈਸਲਾ ਲਵੇਗੀ, ਅਸੀਂ ਉਸ ਦਾ ਸਵਾਗਤ ਕਰਾਂਗੇ।
ਇਹ ਵੀ ਪੜ੍ਹੋ: ਰਿਸ਼ੀਪਾਲ ਸਿੰਘ ਆਈ. ਏ. ਐੱਸ. ਨੇ DC ਵਜੋਂ ਅਹੁਦਾ ਸੰਭਾਲਿਆ
ਕਾਨੂੰਨ ਵਿਵਸਥਾ ਬਾਰੇ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਸਰਕਾਰ ਨੂੰ ਸ਼ਾਂਤ ਮਾਹੌਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਿਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ, ਟਕਰਾਅ ਨਹੀਂ ਹੋਣਾ ਚਾਹੀਦਾ।