
ਅਜੈ ਮਾਕਨ ਨੇ ਹਰਿਆਣਾ ’ਚ ਰਾਜ ਸਭਾ ਚੋਣ ਦੌਰਾਨ ਕ੍ਰਾਸ ਵੋਟਿੰਗ ਮਾਮਲਾ ਹਾਈ ਕੋਰਟ ’ਚ ਚੁਕਿਆ
ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ) : ਰਾਜ ਸਭਾ ਚੋਣ ਦੌਰਾਨ ਹਰਿਆਣਾ ਤੋਂ ਆਜ਼ਾਦ ਉਮੀਦਵਾਰ ਕਾਰਤਿਕੇ ਸ਼ਰਮਾ ਹੱਥੋਂ ਚੋਣ ਹਾਰੇ ਕਾਂਗਰਸ ਦੇ ਕੌਮੀ ਆਗੂ ਅਜੈ ਮਾਕਨ ਨੇ ਕ੍ਰਾਸ ਵੋਟਿੰਗ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੁਕਿਆ ਹੈ। ਉਹ ਇਕ ਵੋਟ ਨੂੰ ਰੱਦ ਕਰਵਾਉਣ ਲਈ ਪਟੀਸ਼ਨ ਦਾਖ਼ਲ ਕਰਨ ਹਿੱਤ ਖੁਦ ਹਾਈ ਕੋਰਟ ਆਏ।
ਇਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਨੂੰ 30 ਵੋਟ ਮਿਲਣੇ ਸੀ ਪਰ 29 ਦੱਸੇ ਗਏ। ਇਕ ਬੈਲਟ ਪੇਪਰ ’ਤੇ ਸਹੀ ਥਾਂ ’ਤੇ ਟਿਕ ਮਾਰਕ ਨਹੀਂ ਕੀਤਾ ਗਿਆ ਤੇ ਪੋਲਿੰਗ ਏਜੰਟ ਨੇ ਇਸ ਦਾ ਇਤਰਾਜ ਵੀ ਜਿਤਾਇਆ ਪਰ ਚੋਣ ਅਫ਼ਸਰਾਂ ਨੇ ਇਤਰਾਜ ਨੂੰ ਲਾਮ੍ਹੇ ਕਰਦਿਆਂ ਕਾਰਤਿਕੇ ਸ਼ਰਮਾ ਨੂੰ ਜੇਤੂ ਕਰਾਰ ਦੇ ਦਿਤਾ। ਉਨ੍ਹਾਂ ਕਿਹਾ ਕਿ ਇਹ ਵੋਟ ਗ਼ਲਤ ਤਰੀਕੇ ਨਾਲ ਕਾਰਤਿਕੇ ਦੇ ਹੱਕ ਵਿਚ ਗਿਣਿਆ ਗਿਆ। ਮਾਕਨ ਨੇ ਕਿਹਾ ਕਿ ਇਸੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿਤੀ ਗਈ ਹੈ ਤੇ ਕਾਰਤਿਕੇ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਵਲੋਂ ਕ੍ਰਾਸ ਵੋਟਿੰਗ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਪਟੀਸ਼ਨ ਵਿਚ ਕਿਸੇ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਪਰ ਅਸਲੀਅਤ ਇਹ ਹੈ ਕਿ ਜਿਸ ਵੋਟ ਨੂੰ ਚੋਣ ਅਫ਼ਸਰਾਂ ਨੇ ਸਹੀ ਮੰਨਿਆ, ਉਹ ਬੈਲਟ ਪੇਪਰ ’ਤੇ ਬਾਕਾਇਦਾ ਕਥਿਤ ਤੌਰ ’ਤੇ ਗ਼ਲਤ ਥਾਂ ’ਤੇ ਟਿੱਕ ਮਾਰਕ ਇਸੇ ਲਈ ਕੀਤਾ ਗਿਆ ਤਾਂ ਜੋ ਵੋਟ ਦੀ ਪਛਾਣ ਹੋ ਸਕੇ। ਕਿਰਨ ਚੌਧਰੀ ਵਲੋਂ ਵੀ ਉਨ੍ਹਾਂ ਦੇ ਹੱਕ ਵਿਚ ਕਥਿਤ ਤੌਰ ’ਤੇ ਵੋਟਿੰਗ ਨਾ ਕਰਨ ਦੇ ਮੁੱਦੇ ਨੂੰ ਉਨ੍ਹਾਂ ਇਸ ਪਟੀਸ਼ਨ ਤੋਂ ਵੱਖ ਦਸਿਆ ਤੇ ਕੋਈ ਸਪਸ਼ਟ ਜਵਾਬ ਨਹੀਂ ਦਿਤਾ।