
10 ਦਿਨਾਂ ਅੰਦਰ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਨਾ ਦਿਤਾ ਜਵਾਬ ਤਾਂ ਹੋਵੇਗੀ ਸਖ਼ਤ ਕਾਰਵਾਈ
ਸਕੂਲਾਂ ਨੂੰ ਮਿਲਿਆ ਸੀ ਪਹਿਲੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਦਾ 10 ਫ਼ੀ ਸਦੀ ਦਾਖ਼ਲਾ ਵਧਾਉਣ ਦਾ ਟੀਚਾ
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਦਾਖ਼ਲੇ ਦਾ ਟੀਚਾ ਪੂਰਾ ਨਾ ਕਰਨ ਵਾਲੇ ਪ੍ਰਿੰਸੀਪਲਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ 10 ਫ਼ੀ ਸਦੀ ਵਧਾਉਣ ਦਾ ਟੀਚਾ ਰੱਖਿਆ ਸੀ ਪਰ ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਂਦੇ ਸਕੂਲਾਂ ਦੇ 6 ਹੈੱਡਮਾਸਟਰ ਅਪਣਾ ਟੀਚਾ ਪੂਰਾ ਨਹੀਂ ਕਰ ਸਕੇ।
ਇਹ ਵੀ ਪੜ੍ਹੋ: ਈ-ਸਿਗਰੇਟ ਵੇਚਣ ਵਾਲਿਆਂ 15 ਵੈਬਸਾਈਟਾਂ ਨੂੰ ਨੋਟਿਸ
ਵਿਭਾਗ ਵਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਜੇਕਰ ਦਾਖ਼ਲੇ ਦਾ ਦਿਤਾ ਗਿਆ ਟੀਚਾ ਪੂਰਾ ਨਹੀਂ ਹੁੰਦਾ ਤਾਂ ਤੁਹਾਡੇ ਵਿਰੁਧ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨਾਲ ਹੀ ਸਾਰੇ ਹੈੱਡਮਾਸਟਰਾਂ ਨੂੰ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਦਿਤਾ ਗਿਆ ਹੈ। ਸਿੱਖਿਆ ਵਿਭਾਗ ਨੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਵਿਚ ਪ੍ਰੀ-ਪ੍ਰਾਇਮਰੀ ਯਾਨੀ ਪਹਿਲੀ ਤੋਂ ਪੰਜਵੀਂ ਤਕ ਦੀਆਂ ਜਮਾਤਾਂ ਵਿਚ ਬੱਚਿਆਂ ਦੇ ਦਾਖ਼ਲੇ ਨੂੰ 10 ਫ਼ੀ ਸਦੀ ਵਧਾਉਣ ਦਾ ਟੀਚਾ ਰੱਖਿਆ ਸੀ। ਦਾਖ਼ਲਿਆਂ ਦਾ ਜਾਇਜ਼ਾ ਲੈਣ ਲਈ 30 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਅੰਕੜਿਆਂ ਦੀ ਪੜਤਾਲ ਕੀਤੀ ਤਾਂ ਸੰਗਤ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਟੀਚੇ ਤੋਂ ਬਹੁਤ ਘੱਟ ਪਾਏ ਗਏ।
ਨੋਟਿਸ 'ਚ ਕਿਹਾ ਗਿਆ ਹੈ ਕਿ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਤੁਸੀਂ ਦਾਖਲ ਵਧਾਉਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਕੋਈ ਢੁਕਵਾਂ ਕਦਮ ਚੁੱਕਿਆ ਹੈ। ਸਗੋਂ ਡਿਊਟੀ ਕਰਨ ਵਿਚ ਲਾਪਰਵਾਹੀ ਦਿਖਾਈ ਗਈ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਦਾਖ਼ਲੇ ਦਾ ਮਿਥਿਆ ਟੀਚਾ 10 ਦਿਨਾਂ ਵਿਚ ਪੂਰਾ ਹੋ ਜਾਂਦਾ ਹੈ ਤਾਂ ਕਾਰਨ ਦੱਸੋ ਨੋਟਿਸ ਖਾਰਜ ਕਰ ਦਿਤਾ ਜਾਵੇਗਾ ਨਹੀਂ ਤਾਂ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮ, 1970 ਦੀ ਧਾਰਾ 10 ਤਹਿਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਕਾਰਨ ਦੱਸੋ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਜੇਕਰ 10 ਦਿਨਾਂ ਵਿਚ ਜਵਾਬ ਨਾ ਦਿਤਾ ਗਿਆ ਜਾਂ ਜਵਾਬ ਤਸੱਲੀਬਖ਼ਸ਼ ਨਾ ਹੋਇਆ ਤਾਂ ਅਧਿਆਪਕਾਂ ਦਾ ਇੰਕਰੀਮੈਂਟ ਰੋਕਣ ਦੇ ਨਾਲ-ਨਾਲ ਕਿਸੇ ਹੋਰ ਥਾਂ ਬਦਲੀ ਕੀਤੀ ਜਾ ਸਕਦੀ ਹੈ, ਇਨਕਰੀਮੈਂਟ ਘਟਾਉਣ ਜਾਂ ਤਰੱਕੀਆਂ ਰੋਕੀਆਂ ਜਾ ਸਕਦੀਆਂ ਹਨ।