
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਿਸਾਰ ਵਿਚ ਕੱਲ੍ਹ ਕੁੱਝ ਬਦਮਾਸ਼ਾਂ ਵੱਲੋਂ ਇੱਕ ਸਿੱਖ ਪਰਿਵਾਰ ਉੱਤੇ ਕੀਤੇ ਗਏ ਹਮਲੇ
ਚੰਡੀਗੜ੍ਹ, (ਸ.ਸ.ਸ.) : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਿਸਾਰ ਵਿਚ ਕੱਲ੍ਹ ਕੁੱਝ ਬਦਮਾਸ਼ਾਂ ਵੱਲੋਂ ਇੱਕ ਸਿੱਖ ਪਰਿਵਾਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਮਾਮਲੇ ਵਿਚ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਯਯੋਗ ਹੈ ਕਿ ਪਿਛਲੇ 43 ਸਾਲ ਤੋਂ ਹਰਿਆਣਾ ਵਿਚ ਰਹਿ ਰਹੇ ਇੱਕ ਸਿੱਖ ਪਰਵਾਰ ਨੂੰ 'ਬਾਹਰਲੇ' ਕਹਿ ਕੇ ਉਸ ਸਮੇਂ ਹਮਲੇ ਦਾ ਸ਼ਿਕਾਰ ਬਣਾਇਆ ਗਿਆ,
ਜਦੋਂ ਉਹ ਅਪਣੇ ਪਰਵਾਰ ਦੀਆਂ ਔਰਤਾਂ ਬਾਰੇ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਿਸਾਰ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਬਦਮਾਸ਼ਾਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਉਲਟਾ ਪੀੜਤ ਪਰਵਾਰ ਨੂੰ ਹੋਰ ਪਰੇਸ਼ਾਨ ਕਰਨ ਲਈ ਪਰਵਾਰ ਦੇ ਤਿੰਨ ਪੁਰਸ਼ ਮੈਂਬਰਾਂ ਵਿਰੁਧ ਭਾਰਤੀ ਦੰਡ ਧਾਰਾ ਦੀ ਸੈਕਸ਼ਨ 307 ਤਹਿਤ ਕੇਸ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਪੀੜਤ ਪਰਵਾਰ ਵਿਰੁਧ ਦਰਜ ਕੀਤੇ ਝੂਠੇ ਕੇਸ ਨੂੰ ਤੁਰਤ ਵਾਪਸ ਲਿਆ ਜਾਵੇ ਅਤੇ ਚਾਰੇ ਬਦਮਾਸ਼ਾਂ ਵਿਰੁਧ ਸੈਕਸ਼ਨ 295 ਏ (ਧਾਰਮਕ ਭਾਵਨਾਵਾਂ ਨੂੰ ਸੱਟ ਮਾਰਨ) ਅਤੇ ਹੋਰ ਢੁੱਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।
ਇਸੇ ਦੌਰਾਨ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਨੇ ਦਸਿਆ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਹਿਸਾਰ ਦੇ ਸੈਕਟਰ 16 ਪੁਲਿਸ ਸਟੇਸ਼ਨ ਦੇ ਮੁਖੀ ਦੀ ਬਰਤਰਫ਼ੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀੜਤ ਪਰਵਾਰ ਵਿਰੁਧ ਦਰਜ ਕੀਤਾ ਝੂਠਾ ਕੇਸ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਦਿਤੇ ਮੰਗ ਪੱਤਰ 'ਤੇ ਵੀ ਹਿਸਾਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।