
ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਸ਼ੁਰੂ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ
ਅੰਮ੍ਰਿਤਸਰ, 18 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਵਿਦੇਸ਼ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਨੇ ਏਅਰ ਇੰਡੀਆ ਵਲੋਂ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਵਿਚ ਅੰਮ੍ਰਿਤਸਰ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਦਰਮਿਆਨ ਵਿਸ਼ੇਸ਼ ਸਿੱਧੀਆਂ ਉਡਾਣਾਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ। ਇਸ ਮਿਸ਼ਨ ਤਹਿਤ ਕੋਰੋਨਾ ਮਹਾਂਮਾਰੀ ਦੌਰਾਨ ਏਅਰ ਇੰਡੀਆ ਵਿਸ਼ਵ ਭਰ ਵਿਚ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ।
ਵੈੱਬਬਸਾਈਟ 'ਤੇ ਲੱਗੀ ਡਿਟੇਲ ਦੀ ਤਸਵੀਰ।
ਜਾਰੀ ਬਿਆਨ ਵਿਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ ਏਅਰ ਇੰਡੀਆ ਵਲੋਂ ਅਪਣੀ ਵੈੱਬਸਾਈਟ ਤੇ ਉਡਾਣਾਂ ਦੀ ਜਾਰੀ ਕੀਤੀ ਗਈ ਨਵੀਂ ਲਿਸਟ ਅਨੁਸਾਰ 24 ਅਗੱਸਤ ਤੋਂ 30 ਸਤੰਬਰ ਤਕ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਵਿਚਕਾਰ ਹਰ ਹਫ਼ਤੇ, ਇਕ ਸਿੱਧੀ ਉਡਾਣ ਸ਼ਾਮਲ ਕੀਤੀ ਗਈ ਹੈ। ਇਨ੍ਹਾਂ ਉਡਾਣਾਂ ਦੀ ਬੁਕਿੰਗ ਸ਼ੁਰੂ ਹੈ ਅਤੇ ਏਅਰ ਇੰਡੀਆ ਦੀ ਵੈੱਬਸਾਈਟ, ਦਫ਼ਤਰ, ਅਤੇ ਅਧਿਕਾਰਤ ਟਰੈਵਲ ਏਜੰਟ ਦੇ ਜ਼ਰੀਏ ਕੀਤੀ ਜਾ ਸਕਦੀ ਹੈ। ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਸਵੇਰੇ 9:15 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਦੁਪਹਿਰ 2:40 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ, ਸ਼ਾਮ ਨੂੰ 7 ਵਜੇ ਲੰਡਨ ਪਹੁੰਚੇਗੀ।
ਗੁਮਟਾਲਾ ਨੇ ਕਿਹਾ,“ਇਸ ਉਡਾਣ ਰਾਹੀਂ ਹੁਣ ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੀ ਬਜਾਏ, ਪੰਜਾਬ ਪਹੁੰਚਣ ਵਿਚ ਬਹੁਤ ਘੱਟ ਸਮਾਂ ਲੱਗੇਗਾ। ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੂਰੀ ਅਤੇ ਏਅਰ ਇੰਡੀਆ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ। ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਜਾਵੇ।