
ਦੋ ਏਕੜ ਜ਼ਮੀਨ 'ਤੇ ਖੇਤੀਬਾੜੀ ਕਰ ਕੇ ਪਰਿਵਾਰ ਦਾ ਕਰਦਾ ਸੀ ਪਾਲਣ-ਪੋਸ਼ਣ
ਸੰਗਰੂਰ : ਸੰਗਰੂਰ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਕਲਾਂ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਜਸਪਾਲ ਸਿੰਘ ਭੋਲਾ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਜਸਪਾਲ ਸਿੰਘ ਆਪਣੀ ਦੋ ਕੁ ਏਕੜ ਜ਼ਮੀਨ 'ਤੇ ਖੇਤੀਬਾੜੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਕਰਜ਼ੇ ਦੀ ਦੇਣਦਾਰੀ ਕਰਕੇ ਪਿਛਲੇ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਕਰਜ਼ੇ ਤੋਂ ਤੰਗ ਹੋ ਕੇ ਕਿਸਾਨ ਨੇ ਆਪਣੇ ਖੇਤ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬਾਦਲ ਸਿੰਘ ਨੇ ਦਸਿਆ ਕਿ ਮ੍ਰਿਤਕ ਕਿਸਾਨ ਦੇ ਪੁੱਤਰ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰਕਾਰੀ ਹਸਪਤਾਲ ਸੁਨਾਮ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।