
ਮੁਲਜ਼ਮ ਵਿਸ਼ਵਜੀਤ ਤੇ ਜੈਕਸਨ ਕੋਲੋਂ ਬਰਾਮਦ ਹੋਇਆ ਹੈਂਡ ਗ੍ਰਨੇਡ, ਕੀਤਾ ਗ੍ਰਿਫ਼ਤਾਰ
Hand Grenade Recovered After Arrest of Two BKI Activists in Punjab Latest News in Punjabi ਜਲੰਧਰ : ਜਲੰਧਰ ਕਾਊਂਟਰ-ਇੰਟੈਲੀਜੈਂਸ ਨੇ ਕੁੱਝ ਦਿਨ ਪਹਿਲਾਂ ਦੋ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਕਾਰਕੁਨਾਂ ਰਿਤਿਕ ਨਰੋਲੀਆ ਅਤੇ ਰਾਜਸਥਾਨ ਤੋਂ ਇਕ ਨਾਬਾਲਗ਼ ਦੀ ਗ੍ਰਿਫ਼ਤਾਰੀ ਤੋਂ ਬਾਅਦ, ਅੱਗੇ ਅਤੇ ਪਿੱਛੇ ਦੀਆਂ ਕੜੀਆਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਇਕ 86P ਹੈਂਡ ਗ੍ਰਨੇਡ ਬਰਾਮਦ ਕੀਤਾ ਹੈ।
ਡੀ.ਜੀ.ਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਵਿਚ ਹੋਏ ਖ਼ੁਲਾਸੇ ਤੋਂ ਬਾਅਦ, ਉਨ੍ਹਾਂ ਦੇ ਸਾਥੀ ਵਿਸ਼ਵਜੀਤ ਨੂੰ ਕੋਲਕਾਤਾ ਤੋਂ (ਜਦੋਂ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ) ਤੇ ਜੈਕਸਨ ਨੂੰ ਨਕੋਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਉਕਤ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ।
ਸਾਰੇ ਮੁਲਜ਼ਮ ਕੈਨੇਡਾ ਸਥਿਤ ਬੀ.ਕੇ.ਆਈ ਦੇ ਕਿੰਗਪਿਨ ਜ਼ੀਸ਼ਾਨ ਅਖ਼ਤਰ ਅਤੇ ਅਜੇ ਗਿੱਲ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਮੁਲਜ਼ਮ ਵਿਸ਼ਵਜੀਤ ਅਤੇ ਜੈਕਸਨ ਨੇ ਇਸ ਸਾਲ ਜੁਲਾਈ ਦੇ ਆਖ਼ਰੀ ਹਫ਼ਤੇ ਅਪਣੇ ਸਾਥੀਆਂ ਰਾਹੀਂ ਬਿਆਸ ਤੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਹੈਂਡ ਗ੍ਰਨੇਡ ਨਾਲ 10 ਦਿਨ ਪਹਿਲਾਂ ਐਸ.ਬੀ.ਐਸ ਨਗਰ ਵਿਚ ਇਕ ਸ਼ਰਾਬ ਦੀ ਦੁਕਾਨ ਵਿਚ ਉਸੇ ਮਾਡਿਊਲ ਦੇ ਹੋਰ ਮੈਂਬਰਾਂ ਦੁਆਰਾ ਧਮਾਕਾ ਕੀਤਾ ਗਿਆ ਸੀ। ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਪੁਲਿਸ ਸਟੇਸ਼ਨ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਭਰ ਵਿਚ ਅਤਿਵਾਦੀ ਨੈੱਟਵਰਕਾਂ ਨੂੰ ਬੇਅਸਰ ਕਰਨ, ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
(For more news apart from Hand Grenade Recovered After Arrest of Two BKI Activists in Punjab Latest News in Punjabi stay tuned to Rozana Spokesman.)